ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਲਗਾਤਾਰ ਜਾਰੀ ਹੈ। ਕੋਰੋਨਾ ਦਾ ਇਸ ਸਮੇਂ ਸੱਭ ਤੋਂ ਜਿਆਦਾ ਪ੍ਰਕੋਪ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਵਿਚ ਹੁਣ ਤੱਕ 5 ਲੱਖ ਤੋਂ ਜਿਆਦਾ ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਜਦਕਿ 20 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਹੁਣ ਖਬਰ ਇਹ ਆਈ ਹੈ ਕਿ ਕੋਰੋਨਾ ਵਾਇਰਸ ਅਮਰੀਕੀ ਨੇਵੀ ਵਿਚ ਵੀ ਆਪਣੀ ਦਖਲ ਦੇ ਚੁੱਕਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਨੇਵੀ ਦੇ ਥੀਓਡੋਰ ਰੁਜ਼ਵੈਲਟ ਏਅਰਕਰਾਫਟ ਕੈਰੀਅਰ ਅਮਲੇ ਦੇ ਸਮੂਹ ਵਿਚ 4800 ਮੈਂਬਰਾਂ ‘ਚੋਂ 10 ਫ਼ੀਸਦੀ ਤੋਂ ਜਿਆਦਾ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਸ਼ਨਿਵਾਰ ਨੂੰ ਚਾਲਕ ਦਲ ਦੇ 92 ਫ਼ੀਸਦੀ ਮੈਂਬਰਾਂ ਦੀ ਜਾਂਚ ਕੀਤੀ ਗਈ ਜਿਸ ਵਿਚੋਂ 550 ਜਲਸੈਨਿਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਜਦਕਿ 3673 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਬੁਲਾਰੇ ਨੇ ਦੱਸਿਆ ਹੈ ਕਿ ਬਾਕੀ 3696 ਜਲਸੈਨਿਕਾਂ ਨੂੰ ਗੁਆਮ ਵਿਚ ਮੌਜੂਦ ਹੋਟਲ ਅਤੇ ਘਰਾਂ ਵਿਚ ਕੁਆਰੰਟਿਨ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਅਮਰੀਕੀ ਨੇਵੀ ਦੇ ਸਕੱਤਰ ਥਾਮਸ ਮੋਡਲੀ ਨੇ ਜਹਾਜ਼ ਦੇ ਕਪਤਾਨ ਬ੍ਰੇਟ ਕ੍ਰੋਜਿਅਰ ਨੂੰ ਕਮਾਂਡ ਤੋਂ ਹਟਾ ਦਿੱਤਾ ਹੈ। ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਅਤੇ ਫਿਰ ਉਸ ਦੇ ਕਪਤਾਨ ਨੂੰ ਹਟਾਉਣ ਤੋਂ ਬਾਅਦ ਖੜੇ ਹੋਏ ਸਵਾਲਾਂ ਨੂੰ ਲੈ ਕੇ ਨੇਵੀ ਦੇ ਸਕੱਤਰ ਨੇ ਖੁਦ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦਈਏ ਕਿ ਅਮਰੀਕਾ ਵਿਚ ਇਸ ਵੇਲੇ 532,879 ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 20,577 ਹੋ ਗਈ ਹੈ ਜੋ ਕਿ ਬਾਕੀ ਦੇਸ਼ਾਂ ਨਾਲੋਂ ਕੀਤੇ ਜਿਆਦਾ ਹੈ।

