ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਦੁਨੀਆਂ ਦੇ 124 ਦੇਸ਼ਾਂ ਵਿਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਕੋਰੋਨਾ ਵਾਇਰਸ ਨਾਲ ਹੁਣ ਤੱਕ 5 ਹਜਾਰ ਤੋਂ ਵੱਧ ਲੋਕਾ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਜਦਕਿ ਡੇਢ ਲੱਖ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਜਿਸ ਦੇ ਚੱਲਦਿਆਂ ਚੀਨ ਵਿਚ ਹੁਣ ਮਾਸਾਹਾਰੀ ਭੋਜਨ ਦੀ ਥਾਂ ਸ਼ਾਕਾਹਾਰੀ ਭੋਜਨ ਦੀ ਮੰਗ ਵੱਧ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਤਾਂ ਉਦੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਵਾਇਰਸ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਦੀ ਇਕ ਮੀਟ ਮਾਰਕੀਟ ਤੋਂ ਨਿਕਲਿਆ ਸੀ। ਦਾਅਵਾ ਇਹ ਸੀ ਕਿ ਇਸ ਦੇ ਲੱਛਣ ਚਮਗਿੱਦੜਾਂ ਅਤੇ ਸੱਪਾਂ ਸਮੇਤ ਕਈ ਜਾਨਵਰਾਂ ਵਿਚ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਚੀਨ ਦੇ ਲੋਕ ਖਾਂਦੇ ਹਨ ਜਿਸ ਕਰਕੇ ਇਹ ਵਾਇਰਸ ਇਨਸਾਨਾਂ ਵਿਚ ਫੈਲ ਗਿਆ ਅਤੇ ਲੋਕਾਂ ਦੀ ਜਾਨ ਲੈਣ ਲੱਗਿਆ।
ਰਿਪੋਰਟਾਂ ਦੀ ਮੰਨੀਏ ਤਾਂ ਚੀਨ ਵਿਚ ਲੋਕਾਂ ਦੇ ਮਨਾਂ ਚ ਇਹ ਡਰ ਬੈਠਿਆ ਹੋਇਆ ਹੈ ਕਿ ਇਨ੍ਹਾਂ ਜਾਨਵਰਾਂ ਦੇ ਮਾਸ ਨੂੰ ਪਕਾ ਕੇ ਖਾਣ ਨਾਲ ਇਹ ਬੀਮਾਰੀ ਉਨ੍ਹਾਂ ਅੰਦਰ ਵੀ ਫੈਲ ਸਕਦੀ ਹੈ ਜਿਸ ਦੇ ਚੱਲਦਿਆਂ ਉੱਥੇ ਮਾਸਾਹਾਰੀ ਭੋਜਨ ਦੀ ਮੰਗ ਬਹੁਤ ਘੱਟ ਗਈ ਹੈ ਅਤੇ ਲੋਕ ਚੰਗਾ ਅਤੇ ਸ਼ਾਕਾਹਾਰੀ ਭੋਜਨ ਖਾਣਾ ਪਸੰਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨ ਵਿਚ ਸ਼ਾਕਾਹਾਰੀ ਭੋਜਨ ਦੇ ਹੋਟਲਾਂ ਅਤੇ ਦੁਕਾਨਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਵਾਇਰਸ ਚੀਨ ਦੇ ਹੀ 3 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਕੇਵਲ ਚੀਨ ਵਿਚ ਹੀ ਨਹੀਂ ਬਲਕਿ ਦੁਨੀਆਂ ਦੇ ਕਈ ਦੇਸ਼ਾਂ ਵਿਚ ਮਾਸਾਹਾਰੀ ਭੋਜਨ ਦੀ ਮੰਗ ਘਟੀ ਹੈ ਜਿਸ ਕਰਕੇ ਇਨ੍ਹਾਂ ਦੇ ਭਾਅ ਵੀ ਕਾਫੀ ਘੱਟ ਗਏ ਹਨ। ਲੋਕ ਕੋਰੋਨਾ ਦੇ ਖੋਫ ਕਰਕੇ ਮਾਸਾਹਾਰੀ ਭੋਜਨ ਨੂੰ ਖਾਣ ਤੋਂ ਗੁਰੇਜ ਕਰ ਰਹੇ ਹਨ।


