ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮੱਧ ਪ੍ਰਦੇਸ਼ ਵਿਚ ਵਿਧਾਇਕਾਂ ਦੇ ਅਸਤੀਫੇ ਦੇਣ ਅਤੇ ਜੋਤੀਰਾਦਿਤਿਆ ਸਿੰਧੀਆ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਗੁਜਰਾਤ ਵਿਚ ਵੀ ਵੱਡਾ ਝਟਕਾ ਲੱਗਿਆ ਹੈ। ਦਰਅਸਲ ਰਾਜਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿਚ ਪਾਰਟੀ ਦੇ ਪੰਜ ਵਿਧਾਇਕਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।
ਅਸਤੀਫ਼ਾ ਦੇਣ ਵਾਲੇ ਪੰਜ ਵਿਧਾਇਕਾਂ ਦੇ ਨਾਮ ਸਾਹਮਣੇ ਨਹੀਂ ਆ ਸਕੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਂ ਨੇ ਆਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਨੇ ਸੌਪੇ ਹਨ ਜਿਨ੍ਹਾਂ ਦੇ ਨਾਮਾਂ ਦਾ ਭਲਕੇ ਸਪੀਕਰ ਰਾਹੀਂ ਖੁਲਾਸਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਆਉਣ ਵਾਲੀ 23 ਮਾਰਚ ਨੂੰ 68 ਸੀਟਾਂ ਉੱਤੇ ਰਾਜ ਸਭਾ ਚੋਣਾਂ ਹੋਣੀਆਂ ਹਨ ਜਿਸ ਕਰਕੇ ਵਿਧਾਇਕਾਂ ਦੇ ਅਸਤੀਫੇ ਕਾਂਗਰਸ ਪਾਰਟੀ ਲਈ ਵੱਡਾ ਝਟਕਾ ਮੰਨੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੁਜਰਾਤ ਵਿਚੋਂ ਕਾਂਗਰਸ 10 ਤੋਂ 20 ਵਿਧਾਇਕਾਂ ਨੂੰ ਜੈਪੂਰ ਸਿਫਟ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੂੰ ਮੱਧ ਪ੍ਰਦੇਸ਼ ਵਿਚ ਜੋਤੀਰਾਦਿਤਿਆ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਇਕ ਵੱਡਾ ਝਟਕਾ ਦਿੱਤਾ ਹੈ।ਉਹ ਭਾਜਪਾ ਦੇ ਵਿਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨਾਲ ਕਾਂਗਰਸ ਦੇ 20-22 ਵਿਧਾਇਕਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਜਿਨ੍ਹਾਂ ਨੂੰ ਭਾਜਪਾ ਨੇ ਬੈਗਲੁਰੂ ਦੇ ਇਕ ਹੋਟਲ ਵਿਚ ਰੱਖਿਆ ਹੋਇਆ ਹੈ ਜਿਸ ਤੋਂ ਬਾਅਦ ਪ੍ਰਦੇਸ਼ ਵਿਚ ਰਾਜਨੀਤਿਕ ਉਠਾਪਠਕ ਮਚੀ ਹੋਈ ਹੈ। ਵਿਧਾਇਕਾਂ ਦੇ ਅਸਤੀਫਾ ਦੇਣ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਉੱਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਵੀ ਸੀਐਮ ਕਮਲਨਾਥ ਨੂੰ ਬਹੁਮੱਤ ਸਾਬਿਤ ਕਰਨ ਦੇ ਹੁਕਮ ਦੇ ਦਿੱਤੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਉਹ ਬਹੁਮੱਤ ਸਾਬਤ ਕਰ ਦੇਵੇਗੀ ਜਦਕਿ ਭਾਜਪਾ ਦਾ ਦਾਅਵਾ ਹੈ ਕਿ ਕਾਂਗਰਸ ਆਪਣਾ ਬਹੁਮੱਤ ਸਾਬਤ ਨਹੀਂ ਕਰ ਪਾਵੇਗੀ ਅਤੇ ਬੀਜੇਪੀ ਹੀ ਸੂਬੇ ਵਿਚ ਮੁੜ ਸਰਕਾਰ ਬਣਾਵੇਗੀ।


