ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦਿੱਲੀ ਵਿਚ ਕੋਰੋਨਾ ਦੇ 5 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਇਸੇ ਵਿਚਾਲੇ ਦਿੱਲੀ ਪੁਲਿਸ ਦੇ ਇਕ ਜਵਾਨ ਦੀ ਸ਼ੱਕੀ ਹਲਾਤਾਂ ਵਿਚ ਹੋਈ ਮੌਤ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦਿੱਲੀ ਪੁਲਿਸ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ ਪਹਿਲੀ ਮੌਤ ਹੈ।
ਜਾਣਕਾਰੀ ਅਨੁਸਾਰ 32 ਸਾਲਾਂ ਕਾਂਸਟੇਬਲ ਅਮਿਤ ਨੂੰ ਤੇਜ਼ ਬੁਖਾਰ ਹੋਣ ਦੀ ਸ਼ਿਕਾਇਤ ਤੋਂ ਬਾਅਦ ਡਾਕਟਰ ਨੇ ਦਵਾਈ ਦਿੱਤੀ ਸੀ ਪਰ ਮੰਗਲਵਾਰ ਨੂੰ ਉਸ ਨੂੰ ਸਾਂਹ ਲੈਣ ਵਿਚ ਪਰੇਸ਼ਾਨੀ ਹੋਣ ਲੱਗੀ ਅਤੇ ਫਿਰ ਉਸ ਦੀ ਹਾਲਤ ਵਿਗੜਦੀ ਹੀ ਚੱਲੀ ਗਈ ਜਿਸ ਤੋਂ ਬਾਅਦ ਉਸ ਨੂੰ ਆਰ ਐਮ ਐਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਅਮਿਤ ਨੇ ਉੱਥੇ ਦਮ ਤੋੜ ਦਿੱਤਾ। ਸ਼ੱਕੀ ਸਥਿਤੀਆਂ ਵਿਚ ਹੋਈ ਮੌਤ ਕਾਰਨ ਡਾਕਟਰਾਂ ਨੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਿਸ ਦੀ ਰਿਪੋਰਟ ਹੁਣ ਪਾਜ਼ੀਟਿਵ ਆਈ ਹੈ। ਦੱਸ ਦਈਏ ਕਿ ਹੁਣ ਤੱਕ ਦਿੱਲੀ ਪੁਲਿਸ ਦੇ 70 ਤੋਂ ਜ਼ਿਆਦਾ ਜਵਾਨ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 9 ਠੀਕ ਵੀ ਹੋਏ ਹਨ। ਉੱਥੇ ਹੀ ਦਿੱਲੀ ਵਿਚ ਕੋਰੋਨਾ ਦੇ ਕੇਸਾਂ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੀਤੇ ਮੰਗਲਵਾਰ 206 ਕੋਰੋਨਾ ਦੇ ਨਵੇਂ ਮਾਮਲੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 5104 ਹੋ ਗਈ ਹੈ ਜਦਕਿ 1468 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ 64 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 3572 ਹੋ ਗਈ ਹੈ।

