ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਭਰ ਦੇ 37 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ ਜਦਕਿ ਢਾਈ ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ ਦਮ ਤੋੜ ਚੁੱਕੇ ਹਨ। ਕੋਰੋਨਾ ਦੇ ਇਲਾਜ ਲਈ ਵਿਸ਼ਵ ਭਰ ਦੇ ਦੇਸ਼ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਇਸੇ ਵਿਚਾਲੇ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਇੰਕ ਨੇ ਆਪਣਾ ਪਹਿਲਾ ਕਲੀਨਿਕਲ ਟ੍ਰਾਇਲ ਵੈਕਸੀਨ ਅਮਰੀਕੀ ਮਰੀਜ਼ ਨੂੰ ਦਿੱਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਰੇਜੇਨਰਾਨ ਫਾਰਮਾਸਿਊਟੀਕਲ ਨੇ ਕਿਹਾ ਹੈ ਕਿ ਇਸ ਟ੍ਰਾਇਲ ਦੇ ਕੰਮ ਨਾ ਕਰਨ ਉੱਤੇ ਇਕ ਹੋਰ ਐਂਟੀਬਾਡੀ ਇਲਾਜ ਉੱਪਲਬਧ ਹੋ ਸਕਦਾ ਹੈ। ਇਹ ਦਵਾਈ ਜੂਨ ਵਿਚ ਪਹਿਲੀ ਵਾਰ ਮਨੁੱਖ ਉੱਤੇ ਟ੍ਰਾਇਲ ਦੇ ਲਈ ਉੱਪਲਬਧ ਹੋਵੇਗੀ। ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲਬਰਟ ਬੋਰਲਾ ਨੇ ਇਕ ਬਿਆਨ ਵਿਚ ਕਿਹਾ ਕਿ ਚਾਰ ਮਹੀਂਨੇ ਤੋਂ ਵੀ ਘੱਟ ਸਮੇਂ ਵਿਚ ਅਸੀ ਪ੍ਰੀਕਲਿਨਿਕਲ ਸਟਡੀਜ਼ ਨਾਲ ਮਨੁੱਖਾਂ ਉੱਤੇ ਪ੍ਰੀਖਣ ਕਰ ਸਕਾਂਗੇ। ਇੱਧਰ ਭਾਰਤ ਵਿਚ ਵੀ 30 ਤੋਂ ਵੱਧ ਵੈਕਸੀਨਾ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿਚ ਹਨ ਅਤੇ ਇਨ੍ਹਾਂ ਵਿਚੋਂ ਕੁੱਝ ਟ੍ਰਾਇਲ ਦੇ ਲਈ ਤਿਆਰ ਹਨ ਇਹ ਜਾਣਕਾਰੀ ਮਾਹਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਵੀ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੈਫਟਲੀ ਬੈਨਟ ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਇਜ਼ਰਾਇਲ ਦੇ ਡਿਫੈਂਸ ਬਾਇਓਲਾਜੀਕਲ ਇੰਸਟੀਚਿਊਟ ਨੇ ਕੋਵੀਡ-19 ਦਾ ਟੀਕਾ ਬਣਾ ਲਿਆ ਹੈ ਅਤੇ ਵੈਕਸੀਨ ਦੇ ਵਿਕਾਸ ਦੀ ਸਟੇਜ਼ ਪੂਰੀ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ ਖੋਜ਼ਕਰਤਾਵਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਧਾਰ ਉੱਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਨੈਫਟਲੀ ਨੇ ਦੱਸਿਆ ਹੈ ਕਿ ਇਹ ਐਂਟੀਬਾਡੀ ਕੋਰੋਨਾ ਵਾਇਰਸ ਉੱਤੇ ਹਮਲਾ ਕਰਦਾ ਹੈ ਅਤੇ ਇਸ ਨੂੰ ਸਰੀਰ ਵਿਚੋਂ ਖਤਮ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਹੈ ਕਿ ਸੰਸਥਾਨ ਨੇ ਹੁਣ ਪੇਟੈਂਟ ਕਰਨ ਅਤੇ ਇਸ ਦੇ ਵਿਸ਼ਾਲ ਉਤਪਾਦਨ ਦੀ ਤਿਆਰੀ ਕਰ ਲਈ ਹੈ।
