ਨਾਭਾ : ਕੋਮਨਵੈਲਥ ਖੇਡਾਂ ਵਿੱਚ ਭਾਰਤ ਦਾ ਨਾਂ ਰੋਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਣ ਵਾਲੀ ਨਾਭਾ ਬਲਾਕ ਦੇ ਪਿੰਡ ਮੈਹਸ ਦੀ ਧੀ ਹਰਜਿੰਦਰ ਕੌਰ ਦਾ ਆਪਣੇ ਇਲਾਕੇ ਵਿੱਚ ਪਹੁੰਚਣ ’ਤੇ ਸ਼ਹਿਰ ਅਤੇ ਪਿੰਡ ਵਾਸੀਆਂ ਵੱਲੋਂ ਢੋਲ ਦੀ ਥਾਪ ’ਤੇ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਜਦੋਂ ਹਰਜਿੰਦਰ ਕੌਰ ਮਾਤਾ ਗੇਟ ਵਿਖੇ ਪਹੁੰਚੀ, ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਇਲਾਕਾ ਵਾਸੀਆਂ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਹਰਜਿੰਦਰ ਕੌਰ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ।
ਇੰਜਰੀ ਦੇ ਬਾਵਜੂਦ ਨਹੀਂ ਛੱਡਿਆ ਹੌਂਸਲਾ
ਆਪਣੇ ਜੋਸ਼ੀਲੇ ਸਵਾਗਤ ਤੋਂ ਉਤਸ਼ਾਹਿਤ ਹਰਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਲਈ ਇਹ ਮੈਡਲ ਜਿੱਤਣਾ ਬਹੁਤ ਜ਼ਰੂਰੀ ਸੀ। ਉਸ ਨੇ ਖੁਲਾਸਾ ਕੀਤਾ ਕਿ ਸੱਟ ਲੱਗੀ ਹੋਣ ਦੇ ਬਾਵਜੂਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਦੇਸ਼ ਲਈ ਮੈਡਲ ਜਿੱਤ ਕੇ ਹੀ ਦਮ ਲਿਆ। ਹਰਜਿੰਦਰ ਨੇ ਆਪਣੀ ਇਸ ਇਤਿਹਾਸਕ ਸਫਲਤਾ ਦਾ ਪੂਰਾ ਸਿਹਰਾ ਆਪਣੇ ਮਾਤਾ-ਪਿਤਾ ਦੀ ਮਿਹਨਤ ਅਤੇ ਕੋਚ ਦੇ ਸਹੀ ਮਾਰਗਦਰਸ਼ਨ ਨੂੰ ਦਿੱਤਾ। ਉਸ ਨੇ ਸਮੂਹ ਹਲਕਾ ਵਾਸੀਆਂ ਵੱਲੋਂ ਦਿੱਤੇ ਗਏ ਪਿਆਰ ਅਤੇ ਧੰਨਵਾਦ ਲਈ ਸਭ ਦਾ ਸ਼ੁਕਰਾਨਾ ਕੀਤਾ।
ਮੱਧਵਰਗੀ ਪਰਿਵਾਰ ਤੋਂ ਨਿਕਲ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ
ਖਿਡਾਰਨ ਦੇ ਪਿਤਾ ਸਾਹਿਬ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਸਾਧਾਰਨ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਧੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਦਿਨ-ਰਾਤ ਇੱਕ ਕੀਤਾ। ਅੱਜ ਉਨ੍ਹਾਂ ਦੀ ਧੀ ਨੇ ਨਾ ਸਿਰਫ਼ ਪਿੰਡ ਮੈਹਸ ਦਾ, ਬਲਕਿ ਪੂਰੇ ਦੇਸ਼ ਦਾ ਨਾਂ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ, ਜਿਸ ‘ਤੇ ਪੂਰੇ ਪਰਿਵਾਰ ਅਤੇ ਇਲਾਕੇ ਨੂੰ ਬਹੁਤ ਮਾਣ ਹੈ।
ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਸਨਮਾਨ
ਇਸ ਮੌਕੇ ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼ੁਤਰਾਣਾ) ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਹਰਜਿੰਦਰ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਜੀ ਆਇਆਂ ਨੂੰ ਕਿਹਾ। ਉਨ੍ਹਾਂ ਨੇ ਹਰਜਿੰਦਰ ਨੂੰ ਯਾਦਗਾਰੀ ਚਿੰਨ੍ਹ ਅਤੇ ਮਾਨ-ਸਨਮਾਨ ਦੇ ਕੇ ਵਧਾਈ ਦਿੱਤੀ ਅਤੇ ਆਖਿਆ ਕਿ ਅਜਿਹੇ ਖਿਡਾਰੀ ਸਾਡੇ ਸਮਾਜ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

