ਟੋਕੀਓ : Commonwealth Games 2026 ਦਾ ਰਸਮੀ ਉਦਘਾਟਨ ਹੋਣ ਤੋਂ ਪਹਿਲਾਂ ਹੀ ਭਾਰਤੀ ਖੇਡ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਬਿਨਾਂ ਕੋਈ ਮੁਕਾਬਲਾ ਖੇਡੇ ਭਾਰਤ ਲਈ ਪਹਿਲਾ ਮੈਡਲ ਯਕੀਨੀ ਕਰ ਲਿਆ ਹੈ। ਔਰਤਾਂ ਦੇ 75 ਕਿੱਲੋਗ੍ਰਾਮ ਭਾਰ ਵਰਗ ਵਿੱਚ ‘ਬਾਏ’ ਮਿਲਣ ਤੋਂ ਬਾਅਦ ਲਵਲੀਨਾ ਨੇ ਸਿੱਧਾ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।
‘ਬਾਏ’ ਮਿਲਣ ਨਾਲ ਕਿਵੇਂ ਪੱਕਾ ਹੋਇਆ ਤਮਗਾ?
ਇਸ ਵਾਰ 75 ਕਿੱਲੋਗ੍ਰਾਮ ਵਰਗ ਦੇ ਡਰਾਅ ਵਿੱਚ ਸਿਰਫ਼ ਪੰਜ ਐਥਲੀਟ ਹੀ ਸ਼ਾਮਲ ਸਨ। ਨਿਯਮਾਂ ਅਨੁਸਾਰ ਲਵਲੀਨਾ ਸਮੇਤ ਤਿੰਨ ਖਿਡਾਰੀਆਂ ਨੂੰ ਸਿੱਧੀ ਸੈਮੀਫਾਈਨਲ ਐਂਟਰੀ ਮਿਲੀ, ਜਦੋਂ ਕਿ ਬਾਕੀ ਦੋ ਮੁੱਕੇਬਾਜ਼ਾਂ ਵਿਚਕਾਰ ਇੱਕੋ-ਇੱਕ ਕਵਾਟਰਫਾਈਨਲ ਮੈਚ ਤੈਅ ਕੀਤਾ ਗਿਆ। ਕਾਮਨਵੈਲਥ ਗੇਮਜ਼ ਦੇ ਬਾਕਸਿੰਗ ਨਿਯਮਾਂ ਮੁਤਾਬਕ ਸੈਮੀਫਾਈਨਲ ਵਿੱਚ ਹਾਰਨ ਵਾਲੇ ਦੋਵੇਂ ਖਿਡਾਰੀਆਂ ਨੂੰ ਕਾਂਸੀ ਦਾ ਤਮਗਾ ਦਿੱਤਾ ਜਾਂਦਾ ਹੈ। ਇਸੇ ਕਾਰਨ ਗਲਾਸਗੋ ਵਿੱਚ ਆਪਣਾ ਪਹਿਲਾ ਮੁਕਾਬਲਾ ਖੇਡਣ ਤੋਂ ਪਹਿਲਾਂ ਹੀ ਲਵਲੀਨਾ ਦਾ ਘੱਟੋ-ਘੱਟ ਕਾਂਸੀ ਦਾ ਮੈਡਲ ਪੱਕਾ ਹੋ ਗਿਆ ਹੈ।
31 ਜੁਲਾਈ ਨੂੰ ਸੈਮੀਫਾਈਨਲ ‘ਚ ਤਾਫਾਕੀ ਨਾਲ ਹੋਵੇਗੀ ਟੱਕਰ
ਲਵਲੀਨਾ 31 ਜੁਲਾਈ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ‘Taafaki’ ਦੇ ਖਿਲਾਫ ਰਿੰਗ ਵਿੱਚ ਉਤਰੇਗੀ। ਜੇਕਰ ਉਹ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਫਾਈਨਲ ਵਿੱਚ ਪਹੁੰਚ ਕੇ ਸੋਨੇ ਜਾਂ ਚਾਂਦੀ ਦੇ ਤਮਗੇ ਲਈ ਦਾਅਵੇਦਾਰੀ ਪੇਸ਼ ਕਰੇਗੀ। ਹਾਰਨ ਦੀ ਸੂਰਤ ਵਿੱਚ ਵੀ ਉਹ ਕਾਂਸੀ ਦੇ ਤਮਗੇ ਨਾਲ ਹੀ ਵਾਪਸ ਪਰਤੇਗੀ।
ਕਰੀਅਰ ਦਾ ਪਹਿਲਾ ਕਾਮਨਵੈਲਥ ਗੇਮਜ਼ ਪੋਡੀਅਮ ਫਿਨਿਸ਼
ਲਵਲੀਨਾ ਦੇ ਕਰੀਅਰ ਵਿੱਚ ਕਾਮਨਵੈਲਥ ਗੇਮਜ਼ ਦਾ ਇਹ ਪਹਿਲਾ ਮੈਡਲ ਹੋਵੇਗਾ। ਇਸ ਤੋਂ ਪਹਿਲਾਂ ਉਹ ਗੋਲਡ ਕੋਸਟ (2018) ‘ਚ ਕਵਾਟਰਫਾਈਨਲ ਦੌਰਾਨ ਚੈਂਪੀਅਨ ਸੈਂਡੀ ਰਿਆਨ ਤੋਂ ਹਾਰ ਗਈ ਸੀ ਅਤੇ ਬਰਮਿੰਘਮ (2022) ‘ਚ ਆਪਣੇ ਪਹਿਲੇ ਹੀ ਮੁਕਾਬਲੇ ‘ਚ ਬਾਹਰ ਹੋ ਗਈ ਸੀ। ਪਿਛਲੇ ਦੋਵਾਂ ਈਵੈਂਟਾਂ ‘ਚ ਉਸ ਨੇ 69 ਕਿੱਲੋਗ੍ਰਾਮ ਵਰਗ ‘ਚ ਹਿੱਸਾ ਲਿਆ ਸੀ। ਇਸ ਨਵੇਂ ਮੈਡਲ ਦੇ ਨਾਲ ਹੀ ਲਵਲੀਨਾ ਨੇ ਉਨ੍ਹਾਂ ਸਾਰੇ ਪ੍ਰਮੁੱਖ ਮਲਟੀ-ਸਪੋਰਟਸ ਈਵੈਂਟਸ ਵਿੱਚ ਮੈਡਲ ਜਿੱਤਣ ਦਾ ਵਿਲੱਖਣ ਰਿਕਾਰਡ ਵੀ ਪੂਰਾ ਕਰ ਲਿਆ ਹੈ।
ਉਦਘਾਟਨੀ ਸਮਾਰੋਹ ਵਿੱਚ ਨਿਭਾਏਗੀ ਖਾਸ ਜ਼ਿੰਮੇਵਾਰੀ
ਵੀਰਵਾਰ ਨੂੰ ਜਦੋਂ ਉਦਘਾਟਨੀ ਸਮਾਰੋਹ ਦੌਰਾਨ ਭਾਰਤੀ ਦਲ ਮੈਦਾਨ ‘ਚ ਉਤਰੇਗਾ, ਤਾਂ ਲਵਲੀਨਾ ਬੋਰਗੋਹੇਨ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਭਾਰਤੀ ਝੰਡਾਬਰਦਾਰ ਵਜੋਂ ਟੀਮ ਦੀ ਅਗਵਾਈ ਕਰਨਗੀਆਂ। ਜ਼ਿਕਰਯੋਗ ਹੈ ਕਿ ਲਵਲੀਨਾ ਨੇ ਟੋਕੀਓ ਓਲੰਪਿਕ ‘ਚ ਕਾਂਸੀ, 2023 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨਾ ਅਤੇ ਹਾਂਗਝੂ ਏਸ਼ੀਆਈ ਖੇਡਾਂ 2023 ‘ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪਸ਼ੂਆਂ ਦੀ ਸੁਰੱਖਿਅਤ ਆਵਾਜਾਈ ਲਈ ਪ੍ਰਧਾਨ ਮੰਤਰੀ ਦੇ ਫੌਰੀ ਦਖਲ ਦੀ ਲੋੜ: ਕੁਲਤਾਰ ਸਿੰਘ ਸੰਧਵਾਂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

