ਬਠਿੰਡਾ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਠਿੰਡੇ ਦੇ ਦੌਰੇ ਉੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਦੀਆਂ ਕਿਸਾਨ ਦੇ ਘਰ ਰੋਟੀ ਖਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਦੱਸ ਦਈਏ ਕਿ ਬਠਿੰਡਾ ਦੌਰੇ ਵਿਚ ਮੁੱਖ ਮੰਤਰੀ ਕਪਾਹ ਦੀ ਫਸਲ ਉੱਤੇ ਗੁਲਾਬੀ ਕੀੜਿਆਂ ਦੇ ਹਮਲੇ ਦਾ ਜਾਇਜ਼ਾ ਪੁੱਜੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮਾਲਵੇ ਖੇਤਰ ਵਿਚ ਫਸਲਾਂ ਉੱਤੇ ਗੁਲਾਬੀ ਕੀੜਿਆਂ ਦੇ ਹਮਲੇ ਦੇ ਮੱਦੇਨਜ਼ਰ ਸਰਕਾਰ ਨੇ ਇਸ ਕੀੜੇ ਨੂੰ ਖਤਮ ਕਰਨ ਲਈ ਬਠਿੰਡਾ ਅਤੇ ਮਾਨਸਾ ਵਿਚ ਮੁਫਤ ਕੀਟਨਾਸ਼ਕ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਹੁਕਮ ਮਾਲਵੇ ਦੇ ਕਿਸਾਨਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਦਿੱਤੇ ਹਨ।
ਦੱਸਣਯੋਗ ਹੈ ਕਿ ਪੰਜਾਬ ਦਾ ਮਾਲਵਾ ਖੇਤਰ ਚਿੱਟੇ ਸੋਨੇ ਦੀ ਕਾਸ਼ਤ ਵਿਚ ਮੋਢੀ ਮੰਨਿਆ ਜਾਂਦਾ ਹੈ। ਇਸ ਵਾਰ ਰਾਜ ਸਰਕਾਰ ਨੂੰ ਇੱਥੇ ਗੁਲਾਬੀ ਕੀੜਿਆਂ (ਫਸਲੀ ਕੀੜੇ) ਦੇ ਹਮਲੇ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਲਈ ਵਿਸ਼ੇਸ਼ ਗਾਰਦਾਵਰੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਮੁਆਵਜ਼ਾ ਦਿੱਤਾ ਜਾਵੇਗਾ।





