Punjab Weather Report: ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਹਨ੍ਹੇਰੀ ਅਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵੈਸਟਰਨ ਡਿਸਟਰਬੈਂਸ ਕਾਰਨ ਸੂਬੇ ‘ਚ ਦੂਜੇ ਦਿਨ ਵੀ ਮੌਸਮ ਖਰਾਬ ਹੀ ਹੈ। ਮੌਸਮ ਵਿਭਾਗ ਮੁਤਾਬਕ 11 ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪ੍ਰਾਪਤ ਜਾਣਕਰੀ ਅਨੁਸਾਰ ਵਾਰ-ਵਾਰ ਵੈਸਟਰਨ ਡਿਸਟਰਬੈਂਸ ਕਾਰਨ ਬਾਰਸ਼ ਇੱਕ ਵਾਰ ਦੀ ਬਜਾਏ ਥੋੜ੍ਹੇ-ਥੋੜ੍ਹੇ ਵਕਫ਼ੇ ‘ਤੇ ਹੋ ਰਹੀ ਹੈ। ਇਸ ਕਾਰਨ ਤਾਪਮਾਨ ਵਧ ਨਹੀਂ ਸਕਿਆ। ਮਈ ਦੇ 25 ਦਿਨਾਂ ਵਿੱਚ ਸਿਰਫ਼ 10 ਦਿਨਾਂ ਵਿੱਚ ਹੀ ਪਾਰਾ 40 ਡਿਗਰੀ ਤੋਂ ਉਪਰ ਸੀ। 31 ਮਈ ਤੱਕ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, ਪੰਜਾਬ-ਹਰਿਆਣਾ ਅਤੇ ਹਿਮਾਚਲ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਅੰਮ੍ਰਿਤਸਰ ਵਿੱਚ 3 ਘਰੇਲੂ ਉਡਾਣਾਂ ਨੂੰ ਡਾਇਵਰਟ
ਨਵੀਂ ਦਿੱਲੀ ਵਿੱਚ ਖ਼ਰਾਬ ਮੌਸਮ ਕਾਰਨ ਵੀਰਵਾਰ ਰਾਤ ਨੂੰ ਦਿੱਲੀ ਤੋਂ ਆਉਣ ਵਾਲੀਆਂ 4 ਉਡਾਣਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਸ ਵਿੱਚ ਇੱਕ ਅੰਤਰਰਾਸ਼ਟਰੀ ਅਤੇ ਤਿੰਨ ਘਰੇਲੂ ਉਡਾਣਾਂ ਸ਼ਾਮਲ ਹਨ। ਇੰਡੀਗੋ ਦੀ ਭੁਵਨੇਸ਼ਵਰ-ਦਿੱਲੀ ਫਲਾਈਟ ਰਾਤ 10.55 ਵਜੇ ਅੰਮ੍ਰਿਤਸਰ ਉਤਰੀ ਅਤੇ 12.04 ਵਜੇ ਰਵਾਨਾ ਹੋਈ। ਵਿਸਤਾਰਾ ਦੀ ਮੁੰਬਈ-ਦਿੱਲੀ ਫਲਾਈਟ ਰਾਤ 11.10 ਵਜੇ ਆਈ ਅਤੇ 1.50 ਵਜੇ ਰਵਾਨਾ ਹੋਈ। ਵਿਸਤਾਰਾ ਦੀ ਤੀਜੀ ਫਲਾਈਟ ਬੈਂਗਲੁਰੂ-ਦਿੱਲੀ ਰਾਤ 11.27 ‘ਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ।
ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ‘ਚ ਅਲਰਟ
ਸਵੇਰੇ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ ਵਿੱਚ ਮੀਂਹ ਦਾ ਅਲਰਟ (Alert)ਜਾਰੀ ਕੀਤਾ ਗਿਆ ਹੈ।
ਦਿੱਲੀ-NCR ‘ਚ ਤੂਫਾਨੀ ਬਾਰਿਸ਼
ਦਿੱਲੀ-ਐਨਸੀਆਰ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਅੱਜ ਯਾਨੀ ਸ਼ਨੀਵਾਰ ਸਵੇਰੇ ਦਿੱਲੀ ਦੇ ਆਸਪਾਸ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਸ਼ੁਰੂ ਹੋ ਗਈ। ਸਵੇਰੇ 6:30 ਵਜੇ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ। ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।

