ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ, ਜੇਕਰ ਉਨ੍ਹਾਂ ਨੂੰ ਇੱਕ ਵਾਰ ਫਿਰ ਮੌਕਾ ਮਿਲਦਾ ਹੈ ਤਾਂ ਪੰਜਾਬ ਖੁਸ਼ਹਾਲੀ ਨਾਲ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ, ਕਮਜ਼ੋਰ ਵਿਰੋਧੀਆਂ ਅਤੇ ਇਸ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਕਾਂਗਰਸ ਦਾ ਸੱਤਾ ਵਿੱਚ ਵਾਪਸ ਆਉਣਾ ਨਿਸ਼ਚਤ ਹੈ, ਜੋ ਰਾਜ ਨੂੰ ਤਰੱਕੀ ਦੇ ਇੱਕ ਨਵੇਂ ਪੜਾਅ ‘ਤੇ ਲੈ ਕੇ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ, ਅਕਾਲੀ ਦਲ ਆਪਣਾ ਅਧਾਰ ਗਵਾ ਚੁੱਕਾ ਹੈ, ਜਦੋਂਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਪੂਰੀ ਤਰ੍ਹਾਂ ਭੰਬਲਭੂਸੇ ਵਿੱਚ ਹੈ।
ਉਨ੍ਹਾਂ ਕਿਹਾ ਕਿ, ਅਕਾਲੀਆਂ ਕੋਲ ਇਸ ਸਮੇਂ ਲੀਡਰਸ਼ਿਪ ਨਹੀਂ ਹੈ, ਕਿਉਂਕਿ ਬਾਦਲਾਂ ਨੇ ਕਿਸੇ ਹੋਰ ਲੀਡਰਸ਼ਿਪ ਨੂੰ ਅੱਗੇ ਨਹੀਂ ਆਉਣ ਦਿੱਤਾ। 2017 ‘ਚ ‘ਆਪ’ ਦੀ ਪੂਰੀ ਹਵਾ ਚੱਲੀ ‘ਤੇ ਸੀ ਪਰ ਪੰਜਾਬ ਨੂੰ ਜਿੱਤਣ ‘ਚ ਅਸਫਲ ਰਿਹਾ। ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ, ਜੇ ਕਾਂਗਰਸ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਅਗਲੇ ਸੱਤ ਸਾਲਾਂ ਵਿੱਚ ਪੰਜਾਬ ਆਪਣੀ ਗੁੰਮ ਹੋਈ ਸ਼ਾਨ ਨੂੰ ਬਹਾਲ ਕਰਦਿਆਂ ਦੇਸ਼ ਦਾ ਨੰਬਰ ਇੱਕ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ, ਪੰਜਾਬੀ ਇਕ ਮਿਹਨਤੀ ਭਾਈਚਾਰਾ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਰਸਤਾ ਦਿਖਾਇਆ ਜਾਂਦਾ ਹੈ ਤਾਂ ਉਹ ਕੋਈ ਵੀ ਕ੍ਰਿਸ਼ਮਾ ਕਰਨ ਦੀ ਯੋਗਤਾ ਰੱਖਦੇ ਹਨ।
ਮੁੱਖ ਮੰਤਰੀ ਨੇ ਅਗਲੀ ਵਿਧਾਨਸਭਾ ਚੋਣਾਂ ਲੜਨ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ, ਉਨ੍ਹਾਂ ਸੋਚਿਆ ਸੀ ਕਿ, ਪੰਜ ਸਾਲ ਸੂਬੇ ਨੂੰ ਖੁਸ਼ ਕਰਨ ਲਈ ਬੇਹੱਦ ਹਨ ਪਰ ਸੂਬੇ ਦੇ ਵਿਗੜਦੇ ਹਾਲਾਤਾਂ ਨੂੰ ਵੇਖਦਿਆਂ ਇਕ ਵਾਰ ਫਿਰ ਕਾਂਗਰਸ ਨੂੰ ਸੱਤਾ ‘ਤ ਲਿਆਉਂਣ ਦੀ ਲੋੜ ਹੈ। ਕੈਪਟਨ ਨੇ ਕਿਹਾ ਕਿ, ਸੂਬੇ ਦੀ ਆਰਥਿਕ ਹਾਲਤ ‘ਚ ਸੁਧਾਰ ਹੋ ਰਿਹਾ ਹੈ ਪਰ ਹੁਣ ਤੱਕ ਸੂਬਾ ਸਰਕਾਰ ਵਿੱਤੀ ਪਰੇਸ਼ਾਨੀ ਤੋਂ ਜੂਝ ਰਹੀ ਹੈ ਅਤੇ ਅਜਿਹੀ ਸਥਿਤੀ ‘ਚ ਸਮਝਦਾਰੀ ਨਾਲ ਕੰਮ ਕਰਨ ਦੀ ਲੋੜ ਹੈ।
ਹਰ ਪੰਜਾਬੀ ਦੇ ਚਿਹਰੇ ‘ਤੇ ਖੁਸ਼ੀ ਚਾਹੁੰਦਾ ਹਾਂ: ਕੈਪਟਨ
ਕੈਪਟਨ ਨੇ ਅਗਲੇ ਦੋ ਸਾਲਾਂ ਦੌਰਾਨ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ, ਮੈਂ ਹਰ ਪੰਜਾਬੀ ਦੇ ਚਿਹਰੇ ‘ਤੇ ਖੁਸ਼ੀ ਦੇਖਣਾ ਚਾਹੁੰਦਾ ਹਾਂ। ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ, ਪਿਛਲੇ ਤਿੰਨ ਸਾਲਾਂ ‘ਚ ਸੂਬੇ ਦੇ ਬੁਨਿਆਦੀ ਢਾਂਚੇ ਵਿੱਚ ਸ਼ਲਾਘਾਯੋਗ ਸੁਧਾਰ ਹੋਏ ਹਨ। ਉਨ੍ਹਾਂ ਕਿਹਾ ਕਿ, ਪੰਜਾਬ ਵਿੱਚ ਜ਼ਮੀਨੀ ਪੱਧਰ ‘ਤੇ 58000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਦਾ ਅਸਲ ਸਕਾਰਾਤਮਕ ਪ੍ਰਭਾਵ ਆਉਣ ਵਾਲੇ ਸਾਲਾਂ ਵਿੱਚ ਵੇਖਿਆ ਜਾਵੇਗਾ। ਪਾਕਿਸਤਾਨ ਰਾਹੀਂ ਕੇਂਦਰੀ ਏਸ਼ੀਆ ਅਤੇ ਮੱਧ-ਪੂਰਬੀ ਏਸ਼ੀਆ ਤੋਂ ਅੰਤਰਰਾਸ਼ਟਰੀ ਵਪਾਰ ਦੀ ਸੰਭਾਵਨਾ ਬਾਰੇ, ਕੈਪਟਨ ਨੇ ਕਿਹਾ ਕਿ, ਉਹ ਵੀ ਇਹੀ ਚਾਹੁੰਦੇ ਹਨ, ਪਰ ਮੌਜੂਦਾ ਸ਼ਾਹੀ ਸਥਿਤੀ ਵਿੱਚ ਇਹ ਸੰਭਵ ਨਹੀਂ ਜਾਪਦਾ।


