ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਕੇਂਦਰ ਸਰਕਾਰ ਵੱਲੋਂ ਸੋਧ ਕੀਤੇ ਨਾਗਰਿਕਤਾ ਕਾਨੂੰਨ ,ਐਨ ਪੀ ਆਰ ਅਤੇ ਸੰਭਾਵਤ ਐਨਆਰਸੀ ਦੇ ਵਿਰੋਧ ਵਿਚ ਮਲੇਰਕੋਟਲਾ ‘ਚ ਵੱਡਾ ਇਕੱਠ ਕੀਤਾ ਗਿਆ ਹੈ। ਮੁਸਲਿਮ ਭਾਈਚਾਰੇ ਵੱਲੋਂ ਕੀਤੇ ਗਏ ਇਸ ਇੱਕਠ ਨੂੰ ਵੱਖ-ਵੱਖ 14 ਕਿਸਾਨ ਅਤੇ ਸਮਾਜਿਕ ਜੱਥੇਬੰਦੀਆਂ ਆਪਣਾ ਸਮੱਰਥਨ ਦੇਣ ਪਹੁੰਚੀਆਂ ਹੋਈਆਂ ਹਨ।
ਮਲੇਰਕੋਟਲਾ ਦੀ ਅਨਾਜ ਮੰਡੀ ਵਿਚ ਸੀਏਏ,ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇੱਕਠੇ ਹੋਏ ਹਨ। ਰੋਸ ਮੁਜ਼ਹਾਰੇ ਵਿਚ ਕੇਵਲ ਮਰਦ ਹੀ ਨਹੀਂ ਬਲਕਿ ਔਰਤਾਂ ਵੀ ਆਪਣੇ ਘਰਾਂ ਦਾ ਕੰਮ ਛੱਡ ਕੇ ਸ਼ਾਮਲ ਹੋਈਆਂ ਹਨ ਇਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਸ਼ਹਿਰ ਵਿਚ ਲੋਕਾਂ ਨੇ ਦੁਕਾਨਾਂ ਨੂੰ ਬੰਦ ਰੱਖਿਆ ਹੈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦੁਆਰਾ ਲਿਆਂਦੇ ਸੀਏਏ ਅਤੇ ਐਨਪੀਆਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਇਸ ਇਕੱਠ ਰਾਹੀਂ ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਦੇਸ਼ ਨੂੰ ਧਰਮ ਦੇ ਅਧਾਰ ਉੱਤੇ ਨਾ ਵੰਡਿਆ ਜਾਵੇ ਅਤੇ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ।
ਉੱਥੇ ਹੀ ਇਸ ਇਕੱਠ ਨੂੰ ਆਪਣਾ ਸਮੱਰਥਨ ਦੇਣ ਲਈ ਪਹੁੰਚੇ ਕਿਸਾਨਾਂ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦਾ ਮਕਸਦ ਸੀਏਏ ਨੂੰ ਰੱਦ ਕਰਨਾ ਹੈ ਕਿਉਂਕਿ ਇਸ ਕਾਨੂੰਨ ਨਾਲ ਸਮਾਜ ਵਿਚ ਫਿਰਕੂ ਵੰਡੀਆਂ ਪੈ ਰਹੀਆਂ ਹਨ।



