ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹੈਟ੍ਰਿਕ ਲਗਾਉਂਦੇ ਹੋਏ ਤੀਜੀ ਵਾਰ ਮੁੱਖ ਮੰਤਰੀ ਅਹੁੱਦੇ ਦੀ ਸੁਹੰ ਚੁੱਕ ਲਈ ਹੈ। ਕੇਜਰੀਵਾਲ ਦੇ ਨਾਲ-ਨਾਲ ਉਨ੍ਹਾਂ ਦੀ ਵਜ਼ਾਰਤ ਦੇ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਸਹੁੰ ਚੁੱਕਣ ਤੋਂ ਬਾਅਦ ਕੇਜਰੀਵਾਲ ਨੇ ਰਾਮ ਲੀਲਾ ਗਰਾਊਂਡ ਵਿਚ ਪਹੁੰਚੇ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਵੀ ਸੰਬੋਧਿਤ ਕੀਤਾ ਹੈ।
ਕੇਜਰੀਵਾਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਦਿੱਲੀ ਵਾਲਿਆਂ ਦੀ ਹੈ। ਮੈ ਮੈਨੂੰ ਵੋਟ ਦੇਣ ਵਾਲੇ ਅਤੇ ਨਾ ਦੇਣ ਵਾਲੇ ਦੋਵਾਂ ਦਾ ਮੁੱਖ ਮੰਤਰੀ ਹੈ ਅਤੇ ਰਾਜਧਾਨੀ ਦੇ ਲੋਕਾਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕਰਾਂਗਾ।
ਕੇਜਰੀਵਾਲ ਨੇ ਦਿੱਲੀ ਚੋਣਾਂ ਵਿਚ ਹੋਈ ਬਿਆਨਬਾਜ਼ੀ ਉੱਤੇ ਬੋਲਦਿਆਂ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਰਾਜਨੀਤਿਕ ਹੱਲਚਲ ਹੋਈ ਉਸ ਨੂੰ ਭੁੱਲ ਜਾਓ ਅਤੇ ਅਸੀ ਕੇਂਦਰ ਦੇ ਨਾਲ ਮਿਲ ਕੇ ਕੰਮ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ”ਤੁਸੀ ਆਪਣਾ ਕੰਮ ਕਰਵਾਉਣ ਲਈ ਮੇਰੇ ਕੋਲ ਆ ਜਾਓ ਚਾਹੇ ਤੁਸੀ ਕਿਸੇ ਵੀ ਪਾਰਟੀ ਜਾਂ ਧਰਮ ਨਾਲ ਸਬੰਧ ਰੱਖਦੇ ਹੋਣ। ਦਿੱਲੀ ਤੋਂ ਦੇਸ਼ ਵਿਚ ਰਾਜਨੀਤੀ ਦੀ ਨਵੀਂ ਸ਼ੁਰੂਆਤ ਹੋਈ ਹੈ ਅਤੇ ਰਾਜਧਾਨੀ ਦੇ ਵਿਕਾਸ ਲਈ ਮੈ ਪ੍ਰਧਾਨਮੰਤਰੀ ਮੋਦੀ ਦਾ ਆਸ਼ੀਰਵਾਦ ਲੈਣਾ ਚਾਹੁੰਦਾ ਹਾਂ ‘ਤੇ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ”।
ਕੇਜਰੀਵਾਲ ਅਨੁਸਾਰ ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨਮੰਤਰੀ ਮੋਦੀ ਨੂੰ ਵੀ ਸੱਦਾ ਦਿੱਤਾ ਸੀ ਪਰ ਸ਼ਾਇਦ ਕਿਸੇ ਹੋਰ ਪ੍ਰੋਗਰਾਮ ਵਿਚ ਵਿਅਸਤ ਹੋਣ ਕਰਕੇ ਉਹ ਇੱਥੇ ਨਹੀਂ ਆ ਸਕੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਅੱਗੇ ਵਧਾਉਣ ਅਤੇ ਵਿਕਸਿਤ ਕਰਨ ਦੇ ਲਈ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰ ਸਰਕਾਰ ਤੋਂ ਆਸ਼ੀਰਵਾਦ ਲੈਣਾ ਚਾਹੁੰਦੇ ਹਨ। ਕੇਜਰੀਵਾਲ ਨੇ ਅੱਗੇ ਦਿੱਲੀ ਦੀ ਸਿੱਖਿਆ ਵਿਵਸਥਾ ਉੱਤੇ ਬੋਲਦਿਆਂ ਕਿਹਾ ਕਿ ਮਾਂ ਦੇ ਲਈ ਬੱਚਿਆ ਦਾ ਪਿਆਰ ਫ੍ਰੀ ਹੁੰਦਾ ਹੈ ਅਤੇ ਅਜਿਹੇ ਮੁੱਖ ਮੰਤਰੀ ਉੱਤੇ ਲਾਹਨਤ ਹੈ ਜੋ ਸਕੂਲ ਦੀ ਫ਼ੀਸ ਬੱਚਿਆ ਤੋਂ ਲੈਵੇ ਅਤੇ ਮੁਫ਼ਤ ਇਲਾਜ ਨਾਂ ਦੇ ਸਕੇ। ਕੇਜਰੀਵਾਲ ਨੇ ਆਪਣਾ ਭਾਸ਼ਣ ਹਮ ਹੋਗੇ ਕਾਮਯਾਬ ਗੀਤ,ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਨਾਅਰਾ ਲਗਾ ਕੇ ਖਤਮ ਕੀਤਾ।
ਕੇਜਰੀਵਾਲ ਦੇ ਨਾਲ-ਨਾਲ ਉਨ੍ਹਾਂ ਦੇ ਖਾਸ ਸਾਥੀ ਅਤੇ ਪੱਟਪੜਗੰਜ ਤੋਂ ਵਿਧਾਇਕ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਖਾਸ ਮੌਕੇ ਉੱਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ, ਪਾਰਟੀ ਵਰਕਰ, ਦਿੱਲੀ ਦੇ ਐਲਜੀ ਅਨਿਲ ਬੈਜਲ, ਭਾਜਪਾ ਦੇ ਵਿਧਾਇਕ ਵਿਜੇਂਦਰ ਗੁਪਤਾ ਅਤੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।



