ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੌਂਗੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚਾਂਦਪੁਰੀ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ।
ਚਾਂਦਪੁਰੀ 78 ਸਾਲਾਂ ਦੇ ਸਨ ਅਤੇ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਲੌਂਗੇਵਾਲਾ ‘ਚ ਚਾਂਦਪੁਰੀ ਨੇ ਇਕੱਲੇ ਹੀ ਫੌਜ ਦੀ ਨਿੱਕੀ ਜਿਹੀ ਟੁਕੜੀ ਨਾਲ ਪਾਕਿਸਤਾਨ ਨੂੰ ਧੂੜ ਚਟਾਈ ਸੀ।
ਉਨ੍ਹਾਂ ਨੇ ਇਕੱਲਿਆਂ ਪੂਰੀ ਰਾਤ ਪਾਕਿਸਤਾਨੀ ਫੌਜ ਨੂੰ ਰੋਕੀ ਰੱਖਿਆ ਸੀ। ‘ਬਾਰਡਰ’ ਫਿਲਮ ‘ਚ ਅਭਿਨੇਤਾ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਭੂਮਿਕਾ ਹੀ ਨਿਭਾਈ ਸੀ। ਇਸ ਫਿਲਮ ‘ਚ ਚਾਂਦਪੁਰੀ ਦੀ ਵੀਰਤਾ ਨੂੰ ਬਾਖੂਬੀ ਦਰਸਾਇਆ ਗਿਆ ਸੀ | ਕੁਲਦੀਪ ਸਿੰਘ ਚਾਂਦਪੁਰੀ ਨੂੰ ਆਪਣੀਆਂ ਸੇਵਾਵਾਂ ਲਈ ਮਹਾਂਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ |



