ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਦੇ ਸੂਬੇ ‘ਚ CAA ਨੂੰ ਮਨਜੂਰੀ ਨਾ ਦੇਣ ‘ਤੇਮੰਗਲਵਾਰ ਨੂੰ ਲੁਧਿਆਣਾ ਵਿੱਚ ਬੀਜੇਪੀ ਸਮਰਥਕਾਂ ਨੇ ਨਾਗਰਿਕਤਾ ਸੋਧ ਐਕਟ ਦੇ ਹੱਕ ਵਿੱਚ ਇੱਕ ਰੈਲੀ ਕੱਢੀ। ਇਸ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਰੈਲੀ ਦਾ ਸੰਬੋਧਨ ਕਰਦਿਆਂ ਨਿਰਮਲ ਸਿੰਘ ਨੇ ਕਿਹਾ ਕਿ, CAA ਸੰਸਦ ਦੁਆਰਾ ਪਾਸ ਕੀਤਾ ਐਕਟ ਹੈ ਅਤੇ ਇਸ ਲਈ ਕੋਈ ਵੀ ਇਸ ਕਾਨੂੰਨ ਦੇ ਵਿਰੁੱਧ ਕੁਝ ਨਹੀਂ ਕਰ ਸਕਦਾ। ਇਹ ਕਾਨੂੰਨ ਦੇਸ਼ ‘ਚ ਘੱਟ ਗਿਣਤੀ ਲੋਕਾਂ ਨੂੰ ਨਾਗਰਿਕਤਾ ਦੇਣ ਲਈ ਬਣਾਇਆ ਗਿਆ ਹੈ, ਨਾ ਕਿ ਖੋਹਣ ਲਈ।

ਉਨ੍ਹਾਂ ਕਿਹਾ ਕਾਂਗਰਸ ਅਤੇ ਹੋਰ ਪਾਰਟੀਆਂ ਇਸ ਕਾਨੂੰਨ ਬਾਰੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਪਰ ਭਾਜਪਾ ਉਨ੍ਹਾਂ ਦੇ ਇਰਾਦਿਆਂ ਨੂੰ ਕਿਸੇ ਵੀ ਸਥਿਤੀ ਵਿੱਚ ਪੂਰਾ ਨਹੀਂ ਹੋਣ ਦੇਵੇਗੀ। ਭਾਜਪਾ ਇਸ ਕਾਨੂੰਨ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਦੇਸ਼ ਭਰ ਵਿੱਚ ਰੈਲੀਆਂ ਕਰ ਰਹੀ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਭਾਜਪਾ ਵਰਕਰ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਰੈਲੀ ਕੱਢਣ ਦਾ ਮੰਤਵ ਇਹ ਹੈ ਕਿ, ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ, ਇਸਦੇ ਫਾਇਦੇ ਅਤੇ CAA ਦਾ ਅਰਥ ਸਪੱਸ਼ਟ ਕੀਤਾ ਜਾਵੇ।
ਪਠਾਨਕੋਟ ‘ਚ ਵੀ ਕੱਢੀ ਰੈਲੀ
ਵਿਧਾਇਕ ਦਿਨੇਸ਼ ਸਿੰਘ ਬਬੂ ਦੀ ਅਗਵਾਈ ਵਿੱਚ CAA ਅਤੇ NRC ਲਈ ਇੱਕ ਸਹਾਇਤਾ ਰੈਲੀ ਕੱਢੀ ਗਈ। ਹਿਮਾਚਲ ਪ੍ਰਦੇਸ਼ ਦੇ ਜੰਗਲਾਤ ਮੰਤਰੀ ਗੋਵਿੰਦ ਪ੍ਰਸਾਦ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਵਿਸ਼ੇਸ਼ ਤੌਰ ‘ਤੇ ਇਸ ਰੈਲੀ ‘ਚ ਮੌਜੂਦ ਸਨ। ਰੈਲੀ ਵਿਵੇਕਾਨੰਦ ਪਾਰਕ ਸੁਜਾਨਪੁਰ ਤੋਂ ਆਰੰਭ ਹੋ ਕੇ ਬ੍ਰਿਜ ਨੰ: 5 ਤੋਂ ਸ਼ੇਖਨ ਮੁਹੱਲਾ, ਸਬਜ਼ੀ ਮੰਡੀ, ਮੇਨ ਬਾਜ਼ਾਰ ਹੁੰਦੇ ਹੋਏ ਸਮਾਪਤ ਹੋਈ। ਜੰਗਲਾਤ ਮੰਤਰੀ ਗੋਵਿੰਦ ਪ੍ਰਸਾਦ CAA ਅਤੇ NRC ਬਾਰੇ ਵਿਰੋਧੀ ਪਾਰਟੀਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਆਗੂ CAA ਅਤੇ NRC ਦਾ ਗਲਤ ਪ੍ਰਚਾਰ ਕਰ ਰਹੇ ਹਨ।
CAA ਨਾਗਰਿਕ ਖਿਲਾਫ਼ ਨਹੀਂ: ਰਾਕੇਸ਼ ਰਾਠੌਰ
ਬੀਜੇਪੀ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਾ ਕੀਤੇ ਜਾਣ ਤੋਂ ਬਾਅਦ ਜਲੰਧਰ ਵਿੱਚ, ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਇਸਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਨੇ ਕੀਤੀ। ਰਾਕੇਸ਼ ਰਾਠੌਰ ਨੇ ਕਿਹਾ ਕਿ, ਇਹ ਕਾਨੂੰਨ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਵਿਰੁੱਧ ਨਹੀਂ ਹੈ। ਸੂਬੇ ਦੇ ਲੋਕਾਂ ਨੂੰ ਕਾਂਗਰਸ ਅਤੇ ਪੰਜਾਬ ਸਰਕਾਰ ਦੇ ਪ੍ਰਭਾਵ ਹੇਠ ਨਹੀਂ ਆਉਂਣਾ ਚਾਹੀਦਾ। ਕੇਂਦਰ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਇਸ ਕਨੂੰਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਚੰਗੇ ਨਾਗਰਿਕ ਬਣਨ ਦੇ ਫਰਜ਼ ਨੂੰ ਪੂਰਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, ਰਾਜਨੀਤੀ ਪੰਜਾਬ ‘ਚ ਇਸ ਕਾਨੂੰਨ ਨੂੰ ਲਾਗੂ ਨਾ ਕਰਨ ਦਾ ਸਿੱਧਾ ਮਨੋਰਥ ਹੈ। ਰਮਨ ਪੱਬੀ ਨੇ ਕਾਂਗਰਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ, ਕਾਂਗਰਸ ਨੇ ਦੇਸ਼ ਦੇ ਵਿਕਾਸ ਵਿਚ ਬਣੇ ਕਾਨੂੰਨਾਂ ਦੇ ਰਾਹ ‘ਚ ਹਮੇਸ਼ਾਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ ਅਤੇ ਹੁਣ ਵੀ ਇਹ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਕੇ ਦੇਸ਼ ਨੂੰ ਵਿਗਾੜਨ ‘ਤੇ ਤੁਲੀ ਹੋਈ ਹੈ। ਕਾਂਗਰਸ ਨੇ ਹਮੇਸ਼ਾਂ ਨਿੱਜੀ ਹਿੱਤਾਂ ਦੀ ਰਾਜਨੀਤੀ ਕੀਤੀ ਹੈ, ਜਦਕਿ ਭਾਜਪਾ ਜੋ ਵੀ ਫੈਸਲਾ ਲੈਂਦੀ ਹੈ ਉਹ ਦੇਸ਼ ਦੇ ਭਲੇ ਲਈ ਹੁੰਦਾ ਹੈ।

