ਚੰਡੀਗੜ੍ਹ : ਪੰਜਾਬ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸੂਬੇ ਵਿੱਚ ਘੱਟੋ-ਘੱਟ ਤਾਪਮਾਨ 1.7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਜਿਸ ਨਾਲ ਅੰਮ੍ਰਿਤਸਰ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। ਇੱਥੇ ਪਾਰਾ ਆਮ ਨਾਲੋਂ 2.2 ਡਿਗਰੀ ਹੇਠਾਂ ਦਰਜ ਕੀਤਾ ਗਿਆ। ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ (ਦ੍ਰਿਸ਼ਤਾ) ਜ਼ੀਰੋ ਰਹੀ, ਜਦਕਿ ਫਰੀਦਕੋਟ, ਪਟਿਆਲਾ ਅਤੇ ਲੁਧਿਆਣਾ ਵਿੱਚ ਵੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ।
11 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ 22 ਜਨਵਰੀ ਤੋਂ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ। ਇਸ ਬਾਰਿਸ਼ ਕਾਰਨ ਆਉਣ ਵਾਲੇ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਦੀ ਹੋਰ ਗਿਰਾਵਟ ਆ ਸਕਦੀ ਹੈ।
ਧੁੰਦ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ
ਖ਼ਰਾਬ ਮੌਸਮ ਅਤੇ ਸੰਘਣੀ ਧੁੰਦ ਦਾ ਸਿੱਧਾ ਅਸਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਇੱਕ ਅੰਤਰਰਾਸ਼ਟਰੀ ਉਡਾਣ ਰੱਦ ਕਰਨੀ ਪਈ, ਜਦਕਿ ਦਿੱਲੀ ਤੋਂ ਆਉਣ-ਜਾਣ ਵਾਲੀਆਂ ਕਈ ਘਰੇਲੂ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਚੱਲੀਆਂ। ਇੰਡੀਗੋ ਅਤੇ ਏਅਰ ਇੰਡੀਆ ਸਮੇਤ ਬ੍ਰਿਟਿਸ਼ ਏਅਰਵੇਜ਼ ਤੇ ਟਰਕਿਸ਼ ਏਅਰਲਾਈਨਜ਼ ਦੀਆਂ ਉਡਾਣਾਂ ਦੇ ਪ੍ਰਭਾਵਿਤ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਵੱਖ-ਵੱਖ ਸ਼ਹਿਰਾਂ ਦੇ ਤਾਪਮਾਨ ਦਾ ਹਾਲ
ਹਾਲਾਂਕਿ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ਵਿੱਚ 0.5 ਡਿਗਰੀ ਦਾ ਮਾਮੂਲੀ ਵਾਧਾ ਹੋਇਆ ਹੈ, ਪਰ ਠੰਢ ਬਰਕਰਾਰ ਹੈ। ਹੋਰਨਾਂ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਹੁਸ਼ਿਆਰਪੁਰ 3.4 ਡਿਗਰੀ, ਰੂਪਨਗਰ 4.5 ਡਿਗਰੀ, ਪਟਿਆਲਾ 5.4 ਡਿਗਰੀ, ਲੁਧਿਆਣਾ 6.4 ਡਿਗਰੀ, ਬਠਿੰਡਾ 7.0 ਡਿਗਰੀ ਰਿਹਾ। ਦੂਜੇ ਪਾਸੇ, ਦਿਨ ਦੇ ਤਾਪਮਾਨ ਵਿੱਚ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਵਿੱਚ 23 ਡਿਗਰੀ ਨਾਲ ਪਟਿਆਲਾ ਸਭ ਤੋਂ ਗਰਮ ਰਿਹਾ।



