ਮੋਗਾ: ਸਿਆਸੀ ਉਲਟਫੇਰ ਅਤੇ ਭਾਰੀ ਹੰਗਾਮੇ ਦੇ ਵਿਚਕਾਰ ਆਮ ਆਦਮੀ ਪਾਰਟੀ (AAP) ਦੇ ਕੌਂਸਲਰ ਪ੍ਰਵੀਨ ਸ਼ਰਮਾ ਮੋਗਾ ਨਗਰ ਨਿਗਮ ਦੇ ਨਵੇਂ ਮੇਅਰ ਚੁਣ ਲਏ ਗਏ ਹਨ। ਪ੍ਰਵੀਨ ਸ਼ਰਮਾ ਦੀ ਇਸ ਜਿੱਤ ਤੋਂ ਬਾਅਦ ‘ਆਪ’ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਮੇਅਰ ਦੀ ਚੋਣ ਪ੍ਰਕਿਰਿਆ ਦੌਰਾਨ ਸ਼ਰਮਾ ਨੂੰ ਕੁੱਲ 50 ਕੌਂਸਲਰਾਂ ਵਿੱਚੋਂ 31 ਕੌਂਸਲਰਾਂ ਦਾ ਸਮਰਥਨ ਹਾਸਲ ਹੋਇਆ।
ਚੋਣ ਦੌਰਾਨ ਹੰਗਾਮਾ ਅਤੇ ਹੱਥੋਪਾਈ
ਮੇਅਰ ਦੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਨਹੀਂ ਰਹੀ। ਜਿਵੇਂ ਹੀ ਵੋਟਿੰਗ ਦੀ ਕਾਰਵਾਈ ਸ਼ੁਰੂ ਹੋਈ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਕੌਂਸਲਰਾਂ ਵਿਚਕਾਰ ਬਹਿਸ ਹੋ ਗਈ। ਇਹ ਤਕਰਾਰ ਇੰਨੀ ਵਧ ਗਈ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਸਥਿਤੀ ਨੂੰ ਵਿਗੜਦਾ ਦੇਖ ਮੌਕੇ ‘ਤੇ ਤਾਇਨਾਤ ਪੁਲਿਸ ਬਲ ਨੇ ਤੁਰੰਤ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ।
ਵਿਰੋਧੀ ਧਿਰਾਂ ਵੱਲੋਂ ਚੋਣ ਦਾ ਬਾਈਕਾਟ
ਕਾਂਗਰਸ ਅਤੇ ਅਕਾਲੀ ਦਲ ਨੇ ਸੱਤਾਧਾਰੀ ਧਿਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਚੋਣ ਪ੍ਰਕਿਰਿਆ ਦਾ ਬਾਈਕਾਟ ਕਰ ਦਿੱਤਾ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੇ ਕੌਂਸਲਰਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ ਹੈ। ਡੀਸੀ ਮੀਟਿੰਗ ਹਾਲ ਵਿੱਚੋਂ ਬਾਹਰ ਨਿਕਲਦੇ ਸਮੇਂ ਕਾਂਗਰਸੀ ਅਤੇ ਅਕਾਲੀ ਕੌਂਸਲਰ ਵੀ ਆਪਸ ਵਿੱਚ ਭਿੜਦੇ ਨਜ਼ਰ ਆਏ। ਵਿਰੋਧ ਦੇ ਬਾਵਜੂਦ ਪ੍ਰਸ਼ਾਸਨ ਨੇ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਵਾਇਆ।
ਹਾਈਕੋਰਟ ਦੇ ਦਖਲ ਤੋਂ ਬਾਅਦ ਹੋਈ ਚੋਣ
ਜ਼ਿਕਰਯੋਗ ਹੈ ਕਿ 27 ਨਵੰਬਰ ਨੂੰ ਤਤਕਾਲੀ ਮੇਅਰ ਬਲਜੀਤ ਸਿੰਘ ਚਾਨੀ ਦੇ ਅਸਤੀਫ਼ੇ ਤੋਂ ਬਾਅਦ ਮੇਅਰ ਦੀ ਕੁਰਸੀ ਖਾਲੀ ਹੋ ਗਈ ਸੀ। 2 ਦਸੰਬਰ ਨੂੰ ਸਰਕਾਰ ਨੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ ਨੂੰ ਕਾਰਜਕਾਰੀ ਮੇਅਰ ਨਿਯੁਕਤ ਕੀਤਾ ਸੀ, ਜਿਸ ਨੂੰ ਕਾਂਗਰਸ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਅਦਾਲਤ ਦੇ ਨਿਰਦੇਸ਼ਾਂ ‘ਤੇ ਹੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਅਰ ਦੀ ਚੋਣ ਕਰਵਾਈ ਗਈ।



