ਜ਼ੀਰਾ: ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇੱਕ ਵੱਡੀ ਲੁੱਟ-ਖੋਹ ਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕਰਦਿਆਂ ਨਜਾਇਜ਼ ਅਸਲੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ 5 ਸ਼ਾਤਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਮੁਲਜ਼ਮ ਕਿਸੇ ਅਮੀਰ ਵਿਅਕਤੀ ਜਾਂ ਵਪਾਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਫ਼ਿਰਾਕ ਵਿੱਚ ਸਨ।
ਪੁਲਿਸ ਨੇ ਕੀਤੀ ਘੇਰਾਬੰਦੀ
ਮਾਮਲੇ ਦੀ ਅਹਿਮ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਪਾਰਟੀ ਬਾਈਪਾਸ ਪੁਲ ਦੇ ਕੋਲ ਗਸ਼ਤ ‘ਤੇ ਤਾਇਨਾਤ ਸੀ। ਇਸੇ ਦੌਰਾਨ ਪੁਲਿਸ ਨੂੰ ਇੱਕ ਖ਼ਾਸ ਮੁਖ਼ਬਰ ਨੇ ਪੱਕੀ ਇਤਲਾਹ ਦਿੱਤੀ ਕਿ ਇਲਾਕੇ ਦੇ ਕੁਝ ਨਾਮੀ ਬਦਮਾਸ਼ ਇੱਕ ਗੈਂਗ ਬਣਾ ਕੇ ਚਿੱਟੇ ਰੰਗ ਦੀ ਵਰਨਾ ਕਾਰ (ਨੰਬਰ PB 65 J 8500) ਵਿੱਚ ਸਵਾਰ ਹੋ ਕੇ ਘੁੰਮ ਰਹੇ ਹਨ। ਮੁਖ਼ਬਰ ਮੁਤਾਬਕ ਇਹ ਸਾਰੇ ਮੁਲਜ਼ਮ ਸਨ੍ਹੇਰ ਰੋਡ ’ਤੇ ਸਥਿਤ ਕਾਲਜ ਦੇ ਪਿੱਛੇ ਇੱਕ ਸੁੰਨਸਾਨ ਅਤੇ ਬੇਆਬਾਦ ਜਗ੍ਹਾ ’ਤੇ ਲੁਕੇ ਹੋਏ ਸਨ ਅਤੇ ਉੱਥੋਂ ਲੰਘਣ ਵਾਲੇ ਕਿਸੇ ਅਮੀਰ ਰਾਹਗੀਰ ਨੂੰ ਨਿਸ਼ਾਨਾ ਬਣਾ ਕੇ ਵੱਡੀ ਲੁੱਟ ਦੀ ਯੋਜਨਾ ਬਣਾ ਰਹੇ ਸਨ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਬਿਨਾਂ ਸਮਾਂ ਗਵਾਏ ਤੁਰੰਤ ਕਾਰਵਾਈ ਕੀਤੀ ਅਤੇ ਮੌਕੇ ‘ਤੇ ਘੇਰਾਬੰਦੀ ਕਰਕੇ ਪੰਜੇ ਮੁਲਜ਼ਮਾਂ ਨੂੰ ਦਬੋਚ ਲਿਆ।
ਨਜਾਇਜ਼ ਅਸਲਾ ਸਮੇਤ ਬਹੁਤ ਕੁਝ ਬਰਾਮਦ
ਫੜੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਹਨ। ਜਿਸ ਵਿੱਚ ਇੱਕ 32 ਬੋਰ ਪਿਸਟਲ ਅਤੇ ਇੱਕ ਦੇਸੀ ਕੱਟਾ,ਤੇਜ਼ਧਾਰ ਹਥਿਆਰ ਜਿਵੇਂ ਕਿ1 ਕਾਪਾ, 1 ਕਿਰਪਾਨ ਅਤੇ 1 ਖੰਡਾ, ਇੱਕ ਚਿੱਟੇ ਰੰਗ ਦੀ ਵਰਨਾ ਕਾਰ ਆਦਿ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਿਛਲੀਆਂ ਵਾਰਦਾਤਾਂ ਦੇ ਖ਼ੁਲਾਸੇ ਵੀ ਹੋ ਸਕਣ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



