ਪਟਿਆਲਾ : ਪਟਿਆਲਾ ਪੁਲਿਸ ਨੇ ਸ਼ਹਿਰ ਵਿੱਚ ਸਨਸਨੀ ਫੈਲਾਉਣ ਵਾਲੇ ਇੱਕ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਲੰਘੀ 26 ਮਈ ਨੂੰ ਡੀਸੀਡਬਲਯੂ (DCW) ਪੁਲ ਦੇ ਕੋਲੋਂ ਇੱਕ ਨੀਲੇ ਰੰਗ ਦੇ ਪਲਾਸਟਿਕ ਡਰਮ ਵਿੱਚੋਂ ਬਰਾਮਦ ਹੋਈ ਅਣਪਛਾਤੀ ਲੜਕੀ ਦੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ ਟ੍ਰੇਸ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਟੀਮਾਂ ਨੇ ਦਿਨ-ਰਾਤ ਇੱਕ ਕਰਕੇ ਇਸ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ।
ਕੂੜਾ ਚੁੱਕਣ ਵਾਲੇ ਨੇ ਦਿੱਤੀ ਸੀ ਇਤਲਾਹ
ਐਸਪੀ ਸਿਟੀ ਨੇ ਦੱਸਿਆ ਕਿ 26 ਮਈ ਦੀ ਸਵੇਰ ਕਰੀਬ 6 ਵਜੇ ਸ਼ੰਕਰ ਨਾਮਕ ਇੱਕ ਕੂੜਾ ਚੁੱਕਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਡੀਸੀਡਬਲਯੂ ਪੁਲ ਦੇ ਨੇੜੇ ਸੁੱਟੇ ਗਏ ਇੱਕ ਨੀਲੇ ਡਰਮ ਵਿੱਚ ਕਿਸੇ ਦੀ ਲਾਸ਼ ਪਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਲੜਕੀ ਦੀ ਬਾਂਹ ‘ਤੇ “ਨਿਆ” (Niya) ਨਾਮ ਦਾ ਇੱਕ ਟੈਟੂ ਖੁਣਿਆ ਹੋਇਆ ਸੀ। ਇਸੇ ਅਹਿਮ ਸੁਰਾਗ ਦੇ ਆਧਾਰ ‘ਤੇ ਤਕਨੀਕੀ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ ਪੁਲਿਸ ਲੜਕੀ ਦੇ ਪਰਿਵਾਰ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ।
ਮ੍ਰਿਤਕਾ ਦੇ ਭਰਾ ਦੇ ਬਿਆਨਾਂ ‘ਤੇ ਮਾਮਲਾ ਦਰਜ
ਮ੍ਰਿਤਕ ਲੜਕੀ ਦੀ ਪਛਾਣ ਉਸ ਦੇ ਭਰਾ ਬਬਲੂ ਸ਼ੇਖਰ ਵੱਲੋਂ ਕੀਤੀ ਗਈ ਹੈ। ਪਰਿਵਾਰ ਮੂਲ ਰੂਪ ਵਿੱਚ ਪਿੰਡ ਦੇ ਥਾਣਾ ਸਰਾਇਨ, ਜ਼ਿਲ੍ਹਾ ਜੌਨਪੁਰ ਦਾ ਰਹਿਣ ਵਾਲਾ ਹੈ, ਜੋ ਅੱਜ-ਕੱਲ੍ਹ ਪਟਿਆਲਾ ਦੇ ਸਨੌਰ ਰੋਡ ਸਥਿਤ ਗੋਪਾਲ ਕਾਲੋਨੀ ਵਿੱਚ ਰਹਿ ਰਿਹਾ ਸੀ। ਬਬਲੂ ਸ਼ੇਖਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਅਰਬਨ ਐਸਟੇਟ, ਪਟਿਆਲਾ ਵਿਖੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103 (ਕਤਲ) ਅਤੇ 238 (ਸਬੂਤ ਮਿਟਾਉਣਾ) ਤਹਿਤ ਮੁਕੱਦਮਾ ਨੰਬਰ 116 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਆਪਸੀ ਪ੍ਰੇਮ ਸਬੰਧਾਂ ਦਾ ਵਿਵਾਦ ਬਣਿਆ ਕਤਲ ਦਾ ਕਾਰਨ
ਪੁਲਿਸ ਦੀ ਮੁਢਲੀ ਪੁੱਛਗਿੱਛ ਅਤੇ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖ਼ੌਫ਼ਨਾਕ ਕਤਲ ਆਪਸੀ ਪ੍ਰੇਮ ਸਬੰਧਾਂ ਦੇ ਚੱਲਦਿਆਂ ਪੈਦਾ ਹੋਏ ਕਿਸੇ ਵਿਵਾਦ ਦੇ ਕਾਰਨ ਕੀਤਾ ਗਿਆ ਹੈ। ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਲਈ ਵੱਖ-ਵੱਖ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਅਤੇ ਵਿਗਿਆਨਕ ਸਬੂਤ ਇਕੱਠੇ ਕੀਤੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



