ਅੰਮ੍ਰਿਤਸਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮਨੁੰ ਕੁੱਸਾ ਅਤੇ ਜਗਰੂਪ ਰੂਪਾ ਦੇ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ। ਇਹ ਮੁਕਾਬਲਾ ਅੰਮ੍ਰਿਤਸਰ ਵਿਚ ਹੋ ਰਿਹਾ ਹੈ। ਜਿਸ ਵਿਚ ਦੋਹਾਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਹੈ। ਪੂਰੇ ਸੂਬੇ ਤੋਂ ਪੰਜਾਬ ਪੁਲਿਸ ਦੇ ਜਵਾਨ ਬੁਲਾ ਕੇ ਦੋਹਾਂ ਦੀ ਘੇਰਾਬੰਦੀ ਕੀਤੀ ਗਈ ਹੈ। ਇਹ ਮੁਕਾਬਲਾ ਅਟਾਰੀ ਬਾਰਡਰ ਨੂੰ ਜਾਣ ਵਾਲੀ ਸੜਕ ‘ਤੇ ਆਉਂਦੇ ਪਿੰਡ ਚਿਚਾ ਭਕਨਾ ਵਿਚ ਹੋ ਰਿਹਾ ਹੈ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹੈ।
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਏ.ਜੀ.ਟੀ.ਐੱਫ. ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਨੂੰ ਘੇਰਿਆ ਹੋਇਆ ਹੈ। ਪਹਿਲਾਂ ਉਨ੍ਹਾਂ ਨੂੰ ਸਰੰਡਰ ਕਰਨ ਨੂੰ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਸੂਤਰਾਂ ਮੁਤਾਬਕ ਮੂਸੇਵਾਲਾ ਦੇ ਕਤਲ ਵਿਚ ਇਸਤੇਮਾਲ ਹੋਏ ਹਥਿਆਰ ਇਨ੍ਹਾਂ ਦੋਹਾਂ ਕੋਲ ਹਨ। ਉਨ੍ਹਾਂ ਤੋਂ ਹੀ ਉਹ ਪੁਲਿਸ ‘ਤੇ ਫਾਇਰਿੰਗ ਕਰ ਰਹੇ ਹਨ।
ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੁੰ ਕੁੱਸਾ ਕਤਲ ਤੋਂ ਬਾਅਦ ਪੰਜਾਬ ਵਿਚ ਹੀ ਘੁੰਮਦੇ ਰਹੇ। ਸੂਤਰਾਂ ਮੁਤਾਬਕ ਜੂਨ ਦੇ ਅਖੀਰ ਤੱਕ ਉਹ ਤਰਨਤਾਰਨ ਦੇ ਪਿੰਡ ਵਿਚ ਲੁਕੇ ਰਹੇ। ਰੂਪਾ ਇਸੇ ਇਲਾਕੇ ਦਾ ਰਹਿਣ ਵਾਲਾ ਹੈ। ਇਥੇ ਦੂਜੇ ਗੈਂਗਸਟਰ ਤੂਫਾਨ ਨੇ ਉਨ੍ਹਆਂ ਨੂੰ ਆਪਣੇ ਫਾਰਮ ਹਾਊਸ ਵਿਚ ਲੁਕਾ ਕੇ ਰੱਖਿਆ ਸੀ। ਇਨ੍ਹਾਂ ਦੇ ਨਾਲ ਗੈਂਗਸਟਰ ਰਈਆ ਵੀ ਮੌਜੂਦ ਸੀ।
