ਨਵੀਂ ਦਿੱਲੀ : ਮੀਂਹ ਪੈਣ ਕਾਰਨ ਸਬਜ਼ੀਆ ਦੀਆ ਕੀਮਤਾਂ ਦਿਨੋਂ ਦਿਨ ਵੱਧਦੀਆ ਜਾ ਰਹੀਆ ਹਨ। ਟਮਾਟਰ ਦੀਆਂ ਵਧਦੀਆਂ ਕੀਮਤਾਂ ’ਤੇ ਕੰਟਰੋਲ ਲਈ ਕੇਂਦਰ ਸਰਕਾਰ ਨੇ ਪਹਿਲੀ ਵਾਰ ਵੱਡਾ ਕਦਮ ਚੁੱਕਿਆ ਹੈ। ਜ਼ਿਆਦਾ ਖਪਤ ਵਾਲੀਆਂ ਥਾਵਾਂ ’ਤੇ ਸਪਲਾਈ ਲਈ ਆਂਧਰ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਸਿੱਧੀ ਖ਼ਰੀਦ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਸ਼ੁੱਕਰਵਾਰ ਤੋਂ ਦਿੱਲੀ ਅਤੇ ਐੱਨਸੀਆਰ ਸਮੇਤ ਵੱਖ-ਵੱਖ ਸੂਬਿਆਂ ਦੇ ਜਿਨ੍ਹਾਂ ਕੇਂਦਰਾਂ ’ਤੇ ਮਹੀਨੇ ਭਰ ਤੋਂ ਕੀਮਤ ’ਚ ਵਾਧਾ ਹੋ ਰਿਹਾ ਹੈ, ਉੱਥੇ ਘੱਟ ਕੀਮਤ ’ਤੇ ਟਮਾਟਰ ਮਿਲਣ ਲੱਗੇਗਾ। ਇਸ ਲਈ ਨੇਫੈੱਡ ਅਤੇ ਐੱਨਸੀਸੀਐੱਫ ਨੂੰ ਉਤਪਾਦਨ ਵਾਲੇ ਸੂਬਿਆਂ ਤੋਂ ਸਿੱਧੀ ਖ਼ਰੀਦਦਾਰੀ ਕਰ ਕੇ ਬਹੁਤ ਜ਼ਿਆਦਾ ਖਪਤ ਵਾਲੇ ਕੇਂਦਰਾਂ ’ਚ ਵੰਡ ਦਾ ਹੁਕਮ ਦਿੱਤਾ ਗਿਆ ਹੈ। ਇਹ ਹਾਲੇ ਤੈਅ ਨਹੀਂ ਕਿ ਇਸ ਦੀ ਕੀਮਤ ਕਿੰਨੀ ਹੋਵੇਗੀ ਪਰ ਮੌਜੂਦਾ ਕੀਮਤ ਕਾਫ਼ੀ ਘੱਟ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
