ਬਠਿੰਡਾ: ਨਵਰਾਤਰਿਆਂ ਦੇ ਪਵਿੱਤਰ ਮੌਕੇ ‘ਤੇ ਦੇਸ਼ ਭਰ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ, ਪਰ ਬਠਿੰਡਾ ਤੋਂ ਇੱਕ ਬਹੁਤ ਹੀ ਖ਼ਾਸ ਅਤੇ ਪ੍ਰੇਰਣਾਦਾਇਕ ਖ਼ਾਸ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਭੱਟੀ ਰੋਡ ‘ਤੇ ਸਥਿਤ ‘ਸ਼੍ਰੀ ਰਘੂਨੰਦਨ ਕਲਾ ਕੇਂਦਰ ਵੈਲਫੇਅਰ ਕਲੱਬ’ ਵੱਲੋਂ ਪਿਛਲੇ 22 ਸਾਲਾਂ ਤੋਂ ਨਿਰੰਤਰ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਦੀ ਰਾਮਲੀਲਾ ਕਈ ਖ਼ਾਸ ਕਾਰਨਾਂ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਇਸ ਰਾਮਲੀਲਾ ਦੀ ਸਭ ਤੋਂ ਵੱਡੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਰਾਮ ਅਤੇ ਲਛਮਣ ਦਾ ਮੁੱਖ ਕਿਰਦਾਰ ਦੋ ਸਕੇ ਭਰਾ ਬਾਖ਼ੂਬੀ ਨਿਭਾ ਰਹੇ ਹਨ। ਇਨ੍ਹਾਂ ਦੋਵਾਂ ਭਰਾਵਾਂ ਦਾ ਆਪਸੀ ਪਿਆਰ ਅਜਿਹਾ ਹੈ ਕਿ ਜਿਵੇਂ ਅਸਲ ਜ਼ਿੰਦਗੀ ਵਿੱਚ ਰਾਮ ਅਤੇ ਲਛਮਣ ਦਾ ਆਪਸ ਵਿੱਚ ਅਟੁੱਟ ਸਨੇਹ ਹੋਵੇ। ਮੰਚ ‘ਤੇ ਇਨ੍ਹਾਂ ਦਾ ਆਪਸੀ ਪਿਆਰ ਸਾਫ਼ ਝਲਕਦਾ ਹੈ, ਜਿਸ ਨੂੰ ਦੇਖ ਕੇ ਦਰਸ਼ਕ ਵੀ ਕਾਫ਼ੀ ਪ੍ਰਭਾਵਿਤ ਹੁੰਦੇ ਹਨ। ਇਹ ਦੋਵੇਂ ਭਰਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਰਾਮਲੀਲਾ ਵਿੱਚ ਇਹ ਕਿਰਦਾਰ ਨਿਭਾਉਂਦੇ ਆ ਰਹੇ ਹਨ।
ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਰਾਮਲੀਲਾ ਵਿੱਚ ਮਾਂ ਸੀਤਾ ਦਾ ਰੋਲ ਵੀ ਲੜਕਿਆਂ ਵੱਲੋਂ ਹੀ ਕੀਤਾ ਜਾਂਦਾ ਹੈ, ਪਰ ਬਠਿੰਡਾ ਦੀ ਇਸ ਰਾਮਲੀਲਾ ਨੇ ਇਸ ਰਵਾਇਤ ਨੂੰ ਬਦਲ ਦਿੱਤਾ ਹੈ। ਇੱਥੇ 12ਵੀਂ ਜਮਾਤ ਵਿੱਚ ਪੜ੍ਹ ਰਹੀ ਇੱਕ ਨੌਜਵਾਨ ਲੜਕੀ ਵੱਲੋਂ ਪਹਿਲੀ ਵਾਰ ਮਾਂ ਸੀਤਾ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਦੀ ਅਦਾਕਾਰੀ ਅਤੇ ਸਾਦਗੀ ਦਰਸ਼ਕਾਂ ਦਾ ਮਨ ਮੋਹ ਰਹੀ ਹੈ।
‘ਲਿਵਿੰਗ ਇੰਡੀਅਨ ਨਿਊਜ਼’ ਚੈਨਲ ਦੀ ਟੀਮ ਨੇ ਵਿਸ਼ੇਸ਼ ਤੌਰ ‘ਤੇ ਮੌਕੇ ‘ਤੇ ਪਹੁੰਚ ਕੇ ਰਾਮ-ਲਛਮਣ ਦਾ ਕਿਰਦਾਰ ਨਿਭਾਉਣ ਵਾਲੇ ਦੋਵਾਂ ਸਕੇ ਭਰਾਵਾਂ ਅਤੇ ਮਾਂ ਸੀਤਾ ਦਾ ਰੋਲ ਕਰਨ ਵਾਲੀ ਵਿਦਿਆਰਥਣ ਨਾਲ ਖ਼ਾਸ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਆਪਣੇ ਤਜ਼ਰਬੇ ਸਾਂਝੇ ਕੀਤੇ।
ਇਸ ਮੌਕੇ ਕਲਾਕਾਰਾਂ ਅਤੇ ਆਯੋਜਕਾਂ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਰਮਾਇਣ ਨਾਲ ਜੋੜਨ ਦੇ ਨੇਕ ਇਰਾਦੇ ਨਾਲ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ‘ਹਮਾਰੇ ਰਾਮ’ ਨਾਟਕ ਅਤੇ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਰਕਾਰ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਮੁੱਲਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



