ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਪੇਚ ਅੱਜ ਸੁਲਝਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਤਕਰੀਬਨ ਇਕ ਘੰਟੇ ਤੋਂ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨਾਲ ਵਾਰਤਾ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਵਾਰਤਾ ਲਈ ਰਾਵਤ ਦੇ ਨਾਲ ਰਾਜ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਪਹੁੰਚੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਾਵਤ ਸਿੱਧੂ ਦੀ ਕੈਪਟਨ ਨਾਲ ਮੁਲਾਕਾਤ ਕਰਵਾ ਸਕਦੇ ਹਨ। ਹਰੀਸ਼ ਰਾਵਤ ਨੂੰ ਲੈਣ ਪੰਜਾਬ ਸਰਕਾਰ ਦਾ ਹੈਲੀਕਾਪਟਰ ਦਿੱਲੀ ਗਿਆ ਸੀ ਅਤੇ ਹੈਲੀਪੈਡ ਤੋਂ ਕੈਪਟਨ ਅਮਰਿੰਦਰ ਦੇ ਫਾਰਮ ਹਾਊਸ ‘ਤੇ ਪਹੁੰਚੇ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਦੀ ਗੱਲਬਾਤ ਸ਼ੁਰੂ ਹੋਈ। ਦੂਜੇ ਪਾਸੇ, ਨਵਜੋਤ ਸਿੰਘ ਸਿੱਧੂ ਸੂਬੇ ਦੇ ਮੰਤਰੀਆਂ, ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਹਨ।
Read this- ਭਾਰਤ ‘ਚ ਲੰਘੇ 24 ਘੰਟਿਆਂ ਦੌਰਾਨ ਆਏ 38,079 ਨਵੇਂ ਕੋਰੋਨਾ ਮਾਮਲੇ, 560 ਮੌਤਾਂ
ਰਾਵਤ ਦੇ ਨਾਲ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵੀ ਕੈਪਟਨ ਦੇ ਫਾਰਮ ਹਾਊਸ ਜਾਣ ਨੂੰ ਬੇਹੱਦ ਅਹਿਮ ਮੰਨਿਆ ਜਾ ਕਿਹਾ ਹੈ। ਮੁੱਖ ਮੰਤਰੀ ਨੇ ਕਲ ਹੀ ਸੋਨੀਆ ਗਾਂਧੀ ਨੂੰ ਇਸ ਬਾਰੇ ਲਿਖਿਆ ਸੀ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਨਾਲ ਹਿੰਦੂ ਵਰਗ ਨਾਰਾਜ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਵੱਖ ਤੋਂ ਟਵੀਟ ਕਰ ਕੇ ਪੰਜਾਬ ਵਿਚ ਹਿੰਦੂ ਸਿੱਖ ਅਤੇ ਦਲਿਤਾਂ ਦੀ ਆਬਾਦੀ ਦਾ ਵੇਰਵਾ ਪਾ ਕੇ ਇਸ ਨੂੰ ਹਵਾ ਦਿੱਤੀ। ਦਰਅਸਲ ਹਿੰਦੂ ਵਰਗ ਕੋਲ ਇਸ ਸਮੇਂ ਇਕ ਵੀ ਮਹੱਤਵਪੂਰਨ ਅਹੁਦਾ ਨਹੀਂ ਹੈ ਜਦੋਂ ਕਿ ਸੂਬੇ ਵਿਚ ਉਨ੍ਹਾਂ ਦੀ ਆਬਾਦੀ 38 ਫੀਸਦੀ ਹੈ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਦੀ ਪੰਚਕੁਲਾ ਰਿਹਾਇਸ਼ ‘ਤੇ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ। ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਬਾਹਰ ਆਏ ਅਤੇ ਮੀਡੀਆ ਦੇ ਕੁਝ ਸਵਾਲਾਂ ਦੇ ਜਵਾਬ ਦਿੱਤੇ। ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਿੱਧੂ ਇਕ ਕਾਬਲ ਇਨਸਾਨ ਹਨ ਅਤੇ ਅਸੀਂ ਪਾਰਟੀ ਨਾਲ ਇਕੱਠੇ ਖੜੇ ਹਾਂ। ਸਿੱਧੂ ਦਾ ਕਹਿਣਾ ਸੀ ਕਿ ਸੁਨੀਲ ਜਾਖੜ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਟਿਆਲਾ ਵਿਖੇ ਆਪਣੀ ਰਿਹਾਇਸ਼ ਤੋਂ ਭਾਰੀ ਸੁਰੱਖਿਆ ਨਾਲ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੇ ਹਨ।




