Punjab News : ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਜਲਦ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕਦੇ ਹਨ। ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਸਬੰਧੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਵਿੱਚ ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਕੇਸ ਦਰਜ ਹੈ। ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਪਰਿਵਾਰ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜੀ ਗਈ ਹੈ। ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ, ਜਿਨ੍ਹਾਂ ਨੇ ਇਸ ‘ਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਵੱਲੋਂ ਅਰਜ਼ੀ ਭੇਜ ਤੋਂ ਬਾਅਦ ਉਨ੍ਹਾਂ ਨੇ ਸਪੀਕਰ ਤੋਂ ਕੱਲ੍ਹ ਹੀ ਸਮਾਂ ਮੰਗਿਆ ਹੈ।
ਖਾਲਸਾ ਨੇ ਕਿਹਾ ਕਿ ਚੁਣੇ ਗਏ ਸੰਸਦ ਮੈਂਬਰ ਕੋਲ ਸਹੁੰ ਚੁੱਕਣ ਲਈ 60 ਦਿਨ ਹੁੰਦੇ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜ਼ੀ ‘ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਲੋਕ ਸਭਾ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਸਾਂਸਦ ਦੇ ਤੌਰ ‘ਤੇ ਨਾਂ ਅਤੇ ਸਮਾਂ ਮਿਲਣ ਦੇ ਆਦੇਸ਼ ਬਾਅਦ ਉਨ੍ਹਾਂ ਨੂੰ ਨਿਰਧਾਰਤ ਸਮੇਂ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅੰਮ੍ਰਿਤਪਾਲ ਨੂੰ ਇੱਕ ਹਫ਼ਤੇ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ।
