ਦਿੱਲੀ : IPL 2027 ਦੇ ਆਉਣ ਵਾਲੇ ਸੀਜ਼ਨ ਲਈ ਦਿੱਲੀ ਕੈਪੀਟਲਜ਼ (Delhi Capitals) ਨੇ ਭਾਰਤ ਦੇ ਮਸ਼ਹੂਰ ਸਾਬਕਾ ਲੇੱਗ ਸਪਿਨਰ ਅਮਿਤ ਮਿਸ਼ਰਾ ਨੂੰ ਆਪਣਾ ਸਪਿਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਅਮਿਤ ਮਿਸ਼ਰਾ ਦੀ ਉਸ ਫ੍ਰੈਂਚਾਇਜ਼ੀ ਵਿੱਚ ਵਾਪਸੀ ਹੋਈ ਹੈ, ਜਿੱਥੋਂ ਉਨ੍ਹਾਂ ਨੇ ਆਪਣੇ ਆਈ.ਪੀ.ਐੱਲ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। 43 ਸਾਲਾ ਅਮਿਤ ਮਿਸ਼ਰਾ ਨੇ ਸਤੰਬਰ 2025 ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਹੁਣ ਉਹ ਕੋਚਿੰਗ ਦੀ ਦੁਨੀਆ ਵਿੱਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
‘ਦਿੱਲੀ ਮੇਰੀ ਧੜਕਣ ਹੈ, ਪ੍ਰਸ਼ੰਸਕਾਂ ਨੂੰ ਖੁਸ਼ੀ ਦੇਣ ਦੀ ਕਰਾਂਗੇ ਪੂਰੀ ਕੋਸ਼ਿਸ਼‘
ਫ੍ਰੈਂਚਾਇਜ਼ੀ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਜਾਰੀ ਇੱਕ ਵੀਡੀਓ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਅਮਿਤ ਮਿਸ਼ਰਾ ਨੇ ਕਿਹਾ, “ਮੈਂ ਖੁਦ ਨੂੰ ਦਿਗਜ ਤਾਂ ਨਹੀਂ ਕਹਾਂਗਾ, ਪਰ ਆਈ.ਪੀ.ਐੱਲ. ਵਿੱਚ ਮਰਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ ਹੈ। ਦਿੱਲੀ ਦਿਲਵਾਲਿਆਂ ਦੀ ਹੈ। ਜਦੋਂ ਆਈ.ਪੀ.ਐੱਲ. ਦਾ ਪਹਿਲਾ ਸੀਜ਼ਨ ਹੋਇਆ ਸੀ, ਉਦੋਂ ਮੈਂ ਦਿੱਲੀ ਦਾ ਹੀ ਹਿੱਸਾ ਸੀ। ਅੱਜ ਜਦੋਂ ਮੈਂ ਆਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹਾਂ, ਤਾਂ ਉਹ ਵੀ ਦਿੱਲੀ ਦੀ ਟੀਮ ਨਾਲ ਹੀ ਹੈ, ਇਸ ਲਈ ਮੈਂ ਬਹੁਤ ਖੁਸ਼ ਹਾਂ। ਬਾਘ ਕਦੇ ਆਪਣਾ ਸ਼ਿਕਾਰ ਨਹੀਂ ਛੱਡਦਾ, ਦਿੱਲੀ ਮੇਰੀ ਧੜਕਣ ਹੈ। ਅਸੀਂ ਦਿੱਲੀ ਦੇ ਪ੍ਰਸ਼ੰਸਕਾਂ ਨੂੰ ਉਹ ਖੁਸ਼ੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਸਦਾ ਉਹ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।” ਦੱਸਣਯੋਗ ਹੈ ਕਿ ਦਿੱਲੀ ਕੈਪੀਟਲਜ਼ ਨੇ ਅਜੇ ਤੱਕ ਕੋਈ ਵੀ ਆਈ.ਪੀ.ਐੱਲ. ਖ਼ਿਤਾਬ ਆਪਣੇ ਨਾਮ ਨਹੀਂ ਕੀਤਾ ਹੈ ਅਤੇ ਪਿਛਲੇ ਸੀਜ਼ਨ ਵਿੱਚ ਇਹ ਟੀਮ ਛੇਵੇਂ ਸਥਾਨ ‘ਤੇ ਰਹੀ ਸੀ।
ਰਿਕਾਰਡਾਂ ਨਾਲ ਭਰਪੂਰ ਰਿਹਾ ਹੈ ਅਮਿਤ ਮਿਸ਼ਰਾ ਦਾ ਆਈ.ਪੀ.ਐੱਲ. ਸਫ਼ਰ
ਅਮਿਤ ਮਿਸ਼ਰਾ ਨੇ ਆਪਣੇ ਆਈ.ਪੀ.ਐੱਲ. ਕਰੀਅਰ ਦੀ ਸ਼ੁਰੂਆਤ ਸਾਲ 2008 ਵਿੱਚ ਕੀਤੀ ਸੀ ਅਤੇ ਆਪਣੇ ਪਹਿਲੇ ਹੀ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਹਾਸਲ ਕੀਤੀਆਂ ਸਨ। ਮਿਸ਼ਰਾ ਆਈ.ਪੀ.ਐੱਲ. ਇਤਿਹਾਸ ਵਿੱਚ ਸਭ ਤੋਂ ਵੱਧ ਤਿੰਨ ਵਾਰ ਹੈਟ੍ਰਿਕ ਲੈਣ ਵਾਲਾ ਗੇਂਦਬਾਜ਼ ਹੋਣ ਦਾ ਵਿਲੱਖਣ ਰਿਕਾਰਡ ਰੱਖਦਾ ਹੈ। ਘਰੇਲੂ ਕ੍ਰਿਕਟ ਵਿੱਚ ਹਰਿਆਣਾ ਲਈ ਖੇਡਣ ਵਾਲੇ ਮਿਸ਼ਰਾ ਆਪਣੀ ਹਵਾ ਵਿੱਚ ਲਹਿਰਾਉਂਦੀਆਂ ਅਤੇ ਹੌਲੀ ਗੇਂਦਬਾਜ਼ੀ ਲਈ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਸਨ। ਉਨ੍ਹਾਂ ਨੇ 2008 ਤੋਂ 2024 ਦੇ ਦਰਮਿਆਨ (2022 ਨੂੰ ਛੱਡ ਕੇ) ਹਰ ਆਈ.ਪੀ.ਐੱਲ. ਸੀਜ਼ਨ ਵਿੱਚ ਹਿੱਸਾ ਲਿਆ। ਇਸ ਦੌਰਾਨ ਉਹ ਦਿੱਲੀ ਡੇਅਰਡੇਵਿਲਜ਼ (ਹੁਣ ਕੈਪੀਟਲਜ਼), ਡੈੱਕਨ ਚਾਰਜਰਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਸੁਪਰ ਜਾਇੰਟਸ ਵਰਗੀਆਂ ਵੱਡੀਆਂ ਟੀਮਾਂ ਵੱਲੋਂ ਖੇਡੇ।
ਅੰਕੜਿਆਂ ਵਿੱਚ ਨਜ਼ਰ ਮਾਰੀਏ ਤਾਂ ਅਮਿਤ ਮਿਸ਼ਰਾ ਦਾ ਪ੍ਰਦਰਸ਼ਨ
ਅਮਿਤ ਮਿਸ਼ਰਾ ਨੇ ਆਪਣਾ ਆਖਰੀ ਆਈ.ਪੀ.ਐੱਲ. ਮੈਚ ਸਾਲ 2024 ਵਿੱਚ ਲਖਨਊ ਸੁਪਰ ਜਾਇੰਟਸ ਲਈ ਖੇਡਿਆ ਸੀ। ਆਪਣੇ ਪੂਰੇ ਆਈ.ਪੀ.ਐੱਲ. ਕਰੀਅਰ ਦੌਰਾਨ ਉਨ੍ਹਾਂ ਨੇ 162 ਮੁਕਾਬਲਿਆਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 174 ਵਿਕਟਾਂ ਆਪਣੇ ਨਾਮ ਕੀਤੀਆਂ, ਜਿਸ ਦੌਰਾਨ ਉਨ੍ਹਾਂ ਦੀ ਇਕਾਨਮੀ ਰੇਟ ਬੇਹੱਦ ਸ਼ਾਨਦਾਰ ਯਾਨੀ 7.37 ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2003 ਤੋਂ 2017 ਦੇ ਵਿਚਕਾਰ ਭਾਰਤੀ ਰਾਸ਼ਟਰੀ ਟੀਮ ਲਈ 22 ਟੈਸਟ, 36 ਵਨਡੇ ਅਤੇ 10 ਟੀ-20 ਮੈਚ ਵੀ ਖੇਡੇ ਹਨ। ਹੁਣ ਕੋਚਿੰਗ ਦੀ ਭੂਮਿਕਾ ਵਿੱਚ ਆ ਕੇ ਉਹ ਦਿੱਲੀ ਦੇ ਗੇਂਦਬਾਜ਼ਾਂ ਨੂੰ ਆਪਣਾ ਲੰਬਾ ਤਜ਼ੁਰਬਾ ਸਾਂਝਾ ਕਰਕੇ ਟੀਮ ਨੂੰ ਜਿੱਤ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



