ਹੁਸ਼ਿਆਰਪੁਰ: ਹੁਸ਼ਿਆਰਪੁਰ-ਦਸੂਹਾ ਮਾਰਗ ‘ਤੇ ਪੈਂਦੇ ਪਿੰਡ ਭੀਖੋਵਾਲ ਨੇੜਿਓਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਮੁਰਾਦਪੁਰ ਕੋਲ ਸਕੂਲ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਪਲਟੀ। ਬੱਸ ਵਿੱਚ ਕਰੀਬ 30 ਬੱਚੇ ਸਵਾਰ ਸਨ, ਜਿਸ ਕਾਰਨ ਮੌਕੇ ‘ਤੇ ਭਾਰੀ ਅਫਰਾ-ਤਫਰੀ ਮੱਚ ਗਈ।
ਸਕੂਟਰੀ ਨੂੰ ਬਚਾਉਂਦਿਆਂ ਵਾਪਰਿਆ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ, ਨਿੱਜੀ ਸਕੂਲ ਦੀ ਇਹ ਬੱਸ ਬੱਚਿਆਂ ਨੂੰ ਸਕੂਲੋਂ ਛੱਡਣ ਜਾਂ ਲਿਆਉਣ ਲਈ ਜਾ ਰਹੀ ਸੀ। ਜਦੋਂ ਬੱਸ ਪਿੰਡ ਮੁਰਾਦਪੁਰ ਦੇ ਕੋਲ ਪਹੁੰਚੀ ਤਾਂ ਅਚਾਨਕ ਸਾਹਮਣੇ ਇੱਕ ਸਕੂਟਰੀ ਸਵਾਰ ਆ ਗਿਆ। ਸਕੂਟਰੀ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜਦੋਂ ਡਰਾਈਵਰ ਨੇ ਬੱਸ ਨੂੰ ਸੜਕ ਕਿਨਾਰੇ ਮੋੜਿਆ, ਤਾਂ ਬੱਸ ਕਾਬੂ ਤੋਂ ਬਾਹਰ ਹੋ ਕੇ ਸੜਕ ਨਾਲ ਲੱਗਦੇ ਖੇਤ ਵਿੱਚ ਜਾ ਪਲਟੀ।
ਬੱਸ ਪਲਟਦਿਆਂ ਹੀ ਮੱਚ ਗਈ ਚੀਖ-ਚਿਹਾੜਾ
ਹਾਦਸਾ ਹੁੰਦਿਆਂ ਹੀ ਬੱਸ ਵਿੱਚ ਸਵਾਰ ਬੱਚਿਆਂ ਵਿੱਚ ਚੀਖ-ਓ-ਪੁਕਾਰ ਮੱਚ ਗਈ। ਬੱਸ ਪਲਟਣ ਕਾਰਨ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ, ਹਾਲਾਂਕਿ 2-3 ਬੱਚਿਆਂ ਨੂੰ ਮਾਮੂਲੀ ਸੱਟਾਂ ਜ਼ਰੂਰ ਆਈਆਂ ਹਨ। ਹਾਦਸੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਪਿੰਡ ਵਾਸੀ ਅਤੇ ਰਾਹਗੀਰ ਤੁਰੰਤ ਮੌਕੇ ‘ਤੇ ਦੌੜ ਕੇ ਪਹੁੰਚੇ ਅਤੇ ਬਿਨਾਂ ਦੇਰੀ ਕੀਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ।
ਪੁਲਿਸ ਅਤੇ ਸਕੂਲ ਪ੍ਰਬੰਧਕ ਮੌਕੇ ‘ਤੇ ਪੁੱਜੇ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਕੂਲ ਪ੍ਰਬੰਧਕ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘਟਨਾ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Horrific road accident in Gurdaspur: ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿੱਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


