ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਦੇ ਨਾਭਾ ਰੋਡ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਆਮ ਬੰਦੇ ਦੀ ਰੂਹ ਕੰਬ ਗਈ ਹੈ। ਦੱਸ ਦਈਏ ਇਹ ਭਿਆਨਕ ਸੜਕ ਹਾਦਸਾ ਨਾਭਾ ਰੋਡ ‘ਤੇ ਸਥਿਤ ਸ਼ੂਗਰ ਦੀ ਮਿਲ ਦੇ ਸਾਹਮਣੇ ਵਾਪਰਿਆ ਹੈ। ਹਾਦਸਾ ਦੋ ਟਰੱਕਾਂ ਦੀ ਆਪਸੀ ਟੱਕਰ ਕਾਰਨ ਹੋਇਆ ਹੈ, ਜਿਸ ਵਿਚ ਇੱਕ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ ਅਤੇ ਦੂਜਾ ਬੁਰੀ ਤਰ੍ਹਾਂ ਜ਼ਖਮੀ ਦੱਸਿਆ ਜਾ ਰਿਹਾ ਹੈ।
ਪੁਲਿਸ ਜਾਣਕਾਰੀ ਮੁਤਾਬਿਕ ਇੱਕ ਟਰੱਕ ਡਰਾਈਵਰ ਦੀ ਲਾਸ਼ ਨੂੰ ਪੋਸਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਟਰੱਕ ਵਿੱਚ ਫਸੇ ਦੂਜੇ ਡਰਾਈਵਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਇੱਕ ਟਰੱਕ ਵਿੱਚ ਭਾਰ ਤੋਂ ਵੱਧ ਤੂੜੀ ਭਰੀ ਹੋਈ ਸੀ ਅਤੇ ਦੂਜੇ ‘ਚ ਰੇਤਾ ਭਰਿਆ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਪੂਰੇ ਮਾਮਲੇ ਬਾਰੇ ਦੱਸਦਿਆਂ ਥਾਨਾ ਐਨਕਲੇਵ ਦੇ ਸਟੇਸ਼ਨ ਇੰਚਾਰਜ ਅਨਮੋਲ ਦੀਪ ਦਾ ਕਹਿਣਾ ਹੈ ਕਿ, ਹਾਦਸੇ ਵਿੱਚ ਇੱਕ ਦੀ ਮੌਤ ਤੇ ਦੂਜਾ ਜ਼ਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ੁਕਰਵਾਰ ਸਵੇਰੇ ਵਾਪਰਿਆ ਹੈ। ਉੱਥੇ ਹੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੀਆਂ ਟਰੱਕ ਡਰਾਈਵਰ ਦੇ ਸਾਥੀ ਕੰਡਕਟਰ ਨੇ ਦੱਸਿਆ ਕਿ, ਦੂਜਾ ਟਰੱਕ ਬੜੀ ਤੇਜੀ ਵਿੱਚ ਆ ਰਿਹਾ ਸੀ ਅਤੇ ਮੌਕੇ ਉੱਤੇ ਬ੍ਰੇਕ ਨਾ ਲੱਗਣ ਕਾਰਨ ਇਹ ਟੱਕਰ ਹੋਈ। ਕੰਡਕਟਰ ਨੇ ਦੱਸਿਆ ਕਿ, ਉਸ ਸਮੇਂ ਟਰੱਕ ਚ ‘ਚ ਚਾਰ ਹੋਰ ਵਿਅਕਤੀ ਸਵਾਰ ਸਨ ।

