ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਵਿਚ ਸਰਹੱਦ ਉੱਤੇ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੀ ‘ਨਾਪਾਕ’ ਹਰਕਤ ਨੂੰ ਨਾਕਾਮਯਾਬ ਕਰ ਦਿੱਤਾ ਹੈ। ਦਰਅਸਲ ਪਾਕਿਸਤਾਨੀ ਫੌਜ ਦੁਆਰਾ ਭੇਜਿਆ ਗਿਆ ਇਕ ਜਾਸੂਸੀ ਡ੍ਰੋਨ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਗੋਲੀਆਂ ਮਾਰ ਕੇ ਹੇਠ ਸੁੱਟ ਦਿੱਤਾ ਹੈ ਜਿਸ ਵਿਚੋਂ ਹਥਿਆਰ ਵੀ ਬਰਾਮਦ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਲਈ ਇਸ ਦੀ ਵਰਤੋ ਕੀਤੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਅੱਜ ਸਵੇਰੇ 5.10 ਉੱਤੇ ਬੀਐਸਐਫ ਦੇ ਜਵਾਨਾਂ ਨੇ ਇਹ ਡ੍ਰੋਨ ਕਠੂਆ ਦੇ ਪਨਸਾਰ ਵਿਚ ਵੇਖਿਆ, ਜੋ ਕਿ ਸਰਹੱਦ ਪਾਰ ਤੋਂ ਭਾਰਤ ਵਾਲੇ ਪਾਸੇ ਵੱਲ ਆ ਰਿਹਾ ਸੀ। ਬਾਰਡਰ ਉੱਤੇ ਮੂਸਤੈਦ ਜਵਾਨ ਇਸ ਨੂੰ ਵੇਖ ਤੁਰੰਤ ਹਰਕਤ ਵਿਚ ਆ ਗਏ ਤੇ ਡ੍ਰੋਨ ਉੱਤੇ 9 ਰਾਊਂਡ ਫਾਇਰਿੰਗ ਕੀਤੀ। ਇਸ ਤੋਂ ਬਾਅਦ ਭਾਰਤੀ ਸਰਹੱਦ ਵਿਚ 250 ਮੀਟਰ ਅੰਦਰ ਇਸ ਡ੍ਰੋਨ ਨੂੰ ਮਾਰ ਗਿਰਾਇਆ ਗਿਆ। ਘਟਨਾ ਤੋਂ ਬਾਅਦ ਬੀਐਸਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚਾਲੇ ਪਾਕਿਸਤਾਨੀ ਰੇਂਜਰਾਂ ਨੇ ਹੀਰਾਨਗਰ ਸੈਕਟਰ ਦੀ ਬਬੀਆ ਪੋਸਟ ਉੱਤੇ ਫਾਇਰਿੰਗ ਵੀ ਕੀਤੀ। ਉੱਥੇ ਹੀ ਗੋਲੀਆਂ ਮਾਰ ਕੇ ਹੇਠਾਂ ਸੁੱਟੇ ਗਏ ਡ੍ਰੋਨ ਵਿਚੋਂ ਐਮ 4 ਰਾਈਫਲ, ਗ੍ਰੇਨਡ ਅਤੇ ਮੈਗਜ਼ੀਨਾਂ ਬਰਾਮਦ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਦੁਆਰਾ ਇਸ ਡ੍ਰੋਨ ਰਾਹੀਂ ਅੱਤਵਾਦੀਆਂ ਨੂੰ ਹਥਿਆਰਾਂ ਦੀ ਤਸਕਰੀ ਲਈ ਵਰਤਿਆ ਜਾ ਰਿਹਾ ਸੀ।ਇਸ ਤੋਂ ਇਲਾਵਾ ਡ੍ਰੋਨ ਦਾ ਉਪਯੋਗ ਬੀਐਸਐਫ ਦੀ ਤਾਇਨਾਤੀ ਉੱਤੇ ਨਜ਼ਰ ਰੱਖਣ ਲਈ ਵੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀਆਂ ਘੂਸਪੈਠ ਕਰਵਾਉਣ ਲਈ ਹਰ ਦਿਨ ਯੁੱਧਬੰਦੀ ਦੀ ਉਲੰਘਣਾ ਵੀ ਕਰਦਾ ਹੈ ਜਿਸ ਦਾ ਭਾਰਤੀ ਫੌਜ ਵੀ ਮੂੰਹਤੋੜ ਜਵਾਬ ਦਿੰਦੀ ਹੈ।


