ਫ਼ਤਿਹਗੜ੍ਹ ਚੂੜੀਆਂ : ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਘਣੀਏ ਕੇ ਬਾਂਗਰ ਦੇ ਪਿੰਡ ਸੀੜੇ ਵਿਖੇ ਇੱਕ ਬੇਹੱਦ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਬਿਜਲੀ ਦੇ ਮੀਟਰ ਨੂੰ ਲੈ ਕੇ ਹੋਈ ਮਾਮੂਲੀ ਕਹਾ-ਸੁਣੀ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਨਪਿੰਦਰ ਸਿੰਘ ਵਜੋਂ ਹੋਈ ਹੈ, ਜਿਸ ‘ਤੇ ਅੰਨ੍ਹੇਵਾਹ 6 ਗੋਲੀਆਂ ਚਲਾਈਆਂ ਗਈਆਂ।
ਪਤਨੀ ਨੇ ਘਰੋਂ ਲਿਆ ਕੇ ਦਿੱਤੀ ਪਿਸਤੌਲ
ਮਿਲੀ ਜਾਣਕਾਰੀ ਅਨੁਸਾਰ ਪਿੰਡ ਸੀੜੇ ਵਿਖੇ ਬਿਜਲੀ ਦੇ ਮੀਟਰ ਨੂੰ ਲੈ ਕੇ ਮਨਪਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋਈ ਸੀ। ਦੇਖਦੇ ਹੀ ਦੇਖਦੇ ਇਹ ਵਿਵਾਦ ਇੰਨਾ ਵੱਧ ਗਿਆ ਕਿ ਗਗਨਦੀਪ ਸਿੰਘ ਦੀ ਪਤਨੀ ਜਸਬੀਰ ਕੌਰ ਨੇ ਅੰਦਰੋਂ ਲਿਆ ਕੇ ਪਿਸਤੌਲ ਆਪਣੇ ਪਤੀ ਦੇ ਹੱਥ ਵਿੱਚ ਫੜਾ ਦਿੱਤੀ। ਇਸ ਤੋਂ ਬਾਅਦ ਤੈਸ਼ ਵਿੱਚ ਆਏ ਗਗਨਦੀਪ ਸਿੰਘ ਨੇ ਮਨਪਿੰਦਰ ਸਿੰਘ ‘ਤੇ ਇੱਕ ਤੋਂ ਬਾਅਦ ਇੱਕ 6 ਗੋਲੀਆਂ ਦਾਗ ਦਿੱਤੀਆਂ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਜ਼ਮੀਨ ‘ਤੇ ਡਿੱਗ ਪਿਆ।
ਅੰਮ੍ਰਿਤਸਰ ਦੇ ਹਸਪਤਾਲ ‘ਚ ਤੋੜਿਆ ਦਮ
ਗੰਭੀਰ ਜ਼ਖਮੀ ਹਾਲਤ ਵਿੱਚ ਮਨਪਿੰਦਰ ਸਿੰਘ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਅੱਜ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਮ੍ਰਿਤਕ ਦੇ ਸਰੀਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਜਿਸ ਕਾਰਨ ਪਰਿਵਾਰ ਵਿੱਚ ਕੋਹਰਾਮ ਮਚਿਆ ਹੋਇਆ ਹੈ।
ਪੁਲਿਸ ਦੀ ਮੁਸਤੈਦੀ: ਪਤੀ-ਪਤਨੀ ਦੋਵੇਂ ਦੋਸ਼ੀ ਗ੍ਰਿਫ਼ਤਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਫ਼ਤਿਹਗੜ੍ਹ ਚੂੜੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਮੁੱਖ ਦੋਸ਼ੀ ਗਗਨਦੀਪ ਸਿੰਘ ਅਤੇ ਉਸਦੀ ਪਤਨੀ ਜਸਬੀਰ ਕੌਰ, ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵਾਰਦਾਤ ਵਿੱਚ ਵਰਤਿਆ ਹਥਿਆਰ ਵੀ ਬਰਾਮਦ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



