ਮਲੇਰਕੋਟਲਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ‘ਆਪਰੇਸ਼ਨ ਪ੍ਰਹਾਰ-1’ ਤਹਿਤ ਅੱਜ ਮਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਐਸ.ਐਸ.ਪੀ. ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਲਗਭਗ 150 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਤੜਕਸਾਰ ਵੱਖ-ਵੱਖ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਅਪਰਾਧਿਕ ਪਿਛੋਕੜ ਵਾਲੇ 30-35 ਲੋਕ ਹਿਰਾਸਤ ‘ਚ
ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕਰਾਈਮ ਪੇਸ਼ਾ ਲੋਕਾਂ ਦੇ ਘਰਾਂ ਵਿੱਚ ਦਬਿਸ਼ ਦਿੱਤੀ। ਇਸ ਅਚਨਚੇਤ ਕਾਰਵਾਈ ਦੌਰਾਨ ਪੁਲਿਸ ਨੇ ਲਗਭਗ 30 ਤੋਂ 35 ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਹਿਲਾਂ ਹੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ। ਪੁਲਿਸ ਵੱਲੋਂ ਇਹਨਾਂ ਵਿਅਕਤੀਆਂ ਦੇ ਰਿਕਾਰਡ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।
“ਗੈਂਗਸਟਰਵਾਦ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ” – SSP
ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਅਪਰਾਧੀਆਂ ਵਿੱਚ ਪੁਲਿਸ ਦਾ ਖ਼ੌਫ਼ ਪੈਦਾ ਕਰਨਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਗੈਂਗਸਟਰਵਾਦ ਜਾਂ ਗੈਂਗਵਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੁਰੱਖਿਆ ਪ੍ਰਬੰਧ ਸਖ਼ਤ
ਇਸ ਆਪਰੇਸ਼ਨ ਦੌਰਾਨ ਪੂਰੇ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਦੇਖਣ ਨੂੰ ਮਿਲੇ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਕਾਰਵਾਈ ਨਾਲ ਨਸ਼ਾ ਤਸਕਰਾਂ ਅਤੇ ਅਪਰਾਧਿਕ ਨੈੱਟਵਰਕ ਦੀ ਕਮਰ ਤੋੜਨ ਵਿੱਚ ਮਦਦ ਮਿਲੇਗੀ। ‘ਆਪਰੇਸ਼ਨ ਪ੍ਰਹਾਰ’ ਦੇ ਤਹਿਤ ਚਲਾਈ ਗਈ ਇਸ ਰੇਡ ਨੇ ਇਲਾਕੇ ਦੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ।



