ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ। ਪਹਿਲਾਂ ਇੱਕਜੁੱਟ ਹੋ ਕੇ ਚੋਣ ਲੜਨ ਦਾ ਐਲਾਨ ਕਰਨ ਵਾਲੀਆਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ਹੁਣ ਵੱਖ-ਵੱਖ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਕਾਂਗਰਸ ਅਤੇ ‘ਆਪ‘ ਨੇ ਐਲਾਨੇ ਆਪਣੇ ਉਮੀਦਵਾਰ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਤਿੰਨੋਂ ਅਹੁਦਿਆਂ ‘ਤੇ ਇਕੱਲਿਆਂ ਚੋਣ ਲੜੇਗੀ। ਦੂਜੇ ਪਾਸੇ, ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਵੀ ਕਿਹਾ ਕਿ ਉਹ ਕਿਸੇ ਨਾਲ ਗਠਜੋੜ ਨਹੀਂ ਕਰਨਗੇ। ਦੋਵਾਂ ਪਾਰਟੀਆਂ ਵੱਲੋਂ ਐਲਾਨੇ ਉਮੀਦਵਾਰ ਹੇਠ ਲਿਖੇ ਅਨੁਸਾਰ ਹਨ:
ਆਮ ਆਦਮੀ ਪਾਰਟੀ (AAP) ਦੇ ਮੇਅਰ – ਯੋਗੇਸ਼ ਢੀਂਗਰਾ, ਸੀਨੀਅਰ ਡਿਪਟੀ ਮੇਅਰ – ਮੁਨੱਵਰ ਖਾਨ, ਡਿਪਟੀ ਮੇਅਰ – ਜਸਵਿੰਦਰ ਕੌਰ ਹਨ।
ਕਾਂਗਰਸ (Congress) ਦੇ ਮੇਅਰ – ਗੁਰਪ੍ਰੀਤ ਗਾਬੀ, ਸੀਨੀਅਰ ਡਿਪਟੀ ਮੇਅਰ – ਸਚਿਨ ਗਾਲਿਬ, ਡਿਪਟੀ ਮੇਅਰ – ਨਿਰਮਲਾ ਦੇਵੀ ਹਨ।
ਨਗਰ ਨਿਗਮ ਦੇ ਕੁੱਲ 35 ਕੌਂਸਲਰਾਂ ਅਤੇ 1 ਸੰਸਦ ਮੈਂਬਰ (ਕੁੱਲ 36 ਵੋਟਾਂ) ਵਿੱਚੋਂ ਜਿੱਤ ਲਈ 19 ਵੋਟਾਂ ਦੀ ਲੋੜ ਹੈ।
ਭਾਜਪਾ: 18 ਕੌਂਸਲਰ
ਆਪ: 11 ਕੌਂਸਲਰ
ਕਾਂਗਰਸ: 6 ਕੌਂਸਲਰ
ਜੇਕਰ ‘ਆਪ’ ਅਤੇ ਕਾਂਗਰਸ ਦਾ ਗਠਜੋੜ ਹੁੰਦਾ ਤਾਂ ਮੁਕਾਬਲਾ 18-18 ਵੋਟਾਂ ਨਾਲ ਬਰਾਬਰੀ ਦਾ ਹੋ ਸਕਦਾ ਸੀ, ਪਰ ਹੁਣ ਵੋਟਾਂ ਵੰਡੀਆਂ ਜਾਣ ਕਾਰਨ ਕੁਝ ਵੀ ਕਹਿਣਾ ਮੁਸ਼ਕਲ ਹੈ।
ਵੋਟਿੰਗ ਪ੍ਰਕਿਰਿਆ ‘ਚ ਬਦਲਾਅ ਦੀ ਸੰਭਾਵਨਾ
ਇਸ ਵਾਰ ਮੇਅਰ ਦੀ ਚੋਣ ‘ਸੀਕ੍ਰੇਟ ਬੈਲੇਟ’ ਦੀ ਬਜਾਏ ‘ਹੱਥ ਖੜ੍ਹੇ ਕਰਕੇ’ (Show of Hands) ਕਰਵਾਈ ਜਾ ਸਕਦੀ ਹੈ। ਹਾਲਾਂਕਿ ਇਸ ਬਾਰੇ ਅੰਤਿਮ ਫੈਸਲਾ ਹੋਣਾ ਫਿਲਹਾਲ ਬਾਕੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਪਾਰਦਰਸ਼ਤਾ ਬਣਾਈ ਰੱਖਣ ਲਈ ਪ੍ਰਸ਼ਾਸਨ ਇਸ ਨਵੇਂ ਤਰੀਕੇ ‘ਤੇ ਵਿਚਾਰ ਕਰ ਰਿਹਾ ਹੈ।



