ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਅਗਲੇ ਮੇਅਰ ਦੀ ਚੋਣ ਲਈ ਸਿਆਸੀ ਸਰਗਰਮੀਆਂ ਸਿਖਰਾਂ ‘ਤੇ ਪਹੁੰਚ ਗਈਆਂ ਹਨ। ਮੇਅਰ ਅਹੁਦੇ ਲਈ ਨਾਮਜ਼ਦਗੀ ਦਾ ਅੱਜ ਇਕਲੌਤਾ ਦਿਨ ਹੈ, ਜਿਸ ਲਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਵੀ ਪ੍ਰਮੁੱਖ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਪੱਤੇ ਨਹੀਂ ਖੋਲ੍ਹੇ ਹਨ।
‘ਆਪ’ ਦੇ ਕੌਂਸਲਰ ਰੋਪੜ ਦੇ ਹੋਟਲ ‘ਚ ਸ਼ਿਫਟ, ਮੋਬਾਈਲ ਫੋਨ ਵੀ ਕਰਵਾਏ ਬੰਦ
ਚੋਣਾਂ ਵਿੱਚ ‘ਹਾਰਸ ਟ੍ਰੇਡਿੰਗ’ (ਕੌਂਸਲਰਾਂ ਦੀ ਖਰੀਦੋ-ਫਰੋਖਤ) ਦੇ ਡਰੋਂ ਆਮ ਆਦਮੀ ਪਾਰਟੀ (AAP) ਨੇ ਆਪਣੇ 11 ਕੌਂਸਲਰਾਂ ਨੂੰ ਰੋਪੜ ਦੇ ਇੱਕ ਨਿੱਜੀ ਹੋਟਲ ਵਿੱਚ ਭੇਜ ਦਿੱਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਸਾਰੇ ਕੌਂਸਲਰਾਂ ਦੇ ਮੋਬਾਈਲ ਫੋਨ ਬੰਦ ਕਰਵਾ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਸਿਰਫ ਉਨ੍ਹਾਂ ਕੌਂਸਲਰਾਂ ਨੂੰ ਹੀ ਸ਼ਹਿਰ ਲਿਆਂਦਾ ਜਾਵੇਗਾ ਜਿਨ੍ਹਾਂ ਨੇ ਨਾਮਜ਼ਦਗੀ ਭਰਨੀ ਹੈ ਜਾਂ ਪ੍ਰਸਤਾਵਕ ਬਣਨਾ ਹੈ। ਵੋਟਿੰਗ ਹੋਣ ਤੱਕ ਇਹਨਾਂ ਸਾਰਿਆਂ ਨੂੰ ਸ਼ਹਿਰ ਤੋਂ ਬਾਹਰ ਰੱਖਣ ਦੀ ਰਣਨੀਤੀ ਬਣਾਈ ਗਈ ਹੈ।
ਭਾਜਪਾ ਨੂੰ ਘੇਰਨ ਲਈ ‘ਆਪ’ ਅਤੇ ਕਾਂਗਰਸ ਵਿਚਾਲੇ ‘ਸਮਝੌਤੇ’ ਦੀ ਤਿਆਰੀ
ਸੂਤਰਾਂ ਅਨੁਸਾਰ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ‘ਆਪ’ ਅਤੇ ਕਾਂਗਰਸ ਮੁੜ ਹੱਥ ਮਿਲਾ ਸਕਦੇ ਹਨ। ਹਾਲਾਂਕਿ ‘ਆਪ’ ਨੇ ਹਾਲ ਹੀ ਵਿੱਚ ਕਾਂਗਰਸ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਪੋਸਟ ਕਰਕੇ ਸਿਆਸੀ ਹਲਚਲ ਪੈਦਾ ਕੀਤੀ ਸੀ, ਪਰ ਹੁਣ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਗਠਜੋੜ ਨਹੀਂ ਸਗੋਂ ਇੱਕ ‘ਸਮਝੌਤਾ’ ਹੋਵੇਗਾ। ਇਸ ਫਾਰਮੂਲੇ ਤਹਿਤ ਮੇਅਰ ਦਾ ਅਹੁਦਾ ‘ਆਪ’ ਨੂੰ ਮਿਲ ਸਕਦਾ ਹੈ, ਜਦਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਦੇ ਹਿੱਸੇ ਆ ਸਕਦੇ ਹਨ।
ਪਹਿਲੀ ਵਾਰ ‘ਹੱਥ ਖੜ੍ਹੇ’ ਕਰਕੇ ਹੋਵੇਗੀ ਵੋਟਿੰਗ
ਇਸ ਵਾਰ ਚੋਣ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਤੱਕ ਗੁਪਤ ਬੈਲਟ ਰਾਹੀਂ ਵੋਟਿੰਗ ਹੁੰਦੀ ਸੀ, ਪਰ ਇਸ ਵਾਰ ਕੌਂਸਲਰਾਂ ਨੂੰ ਹੱਥ ਉੱਪਰ ਕਰਕੇ ਆਪਣਾ ਸਮਰਥਨ ਜਤਾਉਣਾ ਪਵੇਗਾ। ਹਾਲਾਂਕਿ, ਇਹ ਪ੍ਰਕਿਰਿਆ ਸਦਨ ਵਿੱਚ ਸਭ ਦੇ ਸਾਹਮਣੇ ਹੋਵੇਗੀ ਜਾਂ ਬੰਦ ਕਮਰੇ ਵਿੱਚ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :
ਗੈਂਗਸਟਰਵਾਦ ‘ਤੇ ਪੰਜਾਬ ਪੁਲਿਸ ਦਾ ਵੱਡਾ ਹਮਲਾ: ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ 48 ਘੰਟਿਆਂ ‘ਚ 2500 ਸ਼ੱਕੀ ਕਾਬੂ



