festivities of Maghi Mela at Sri Muktsar Sahib: ਕੜਾਕੇ ਦੀ ਠੰਢ ‘ਤੇ ਭਾਰੀ ਪਈ ਸ਼ਰਧਾ, ਲੱਖਾਂ ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਕੀਤਾ ਇਸ਼ਨਾਨ

ਸ੍ਰੀ ਮੁਕਤਸਰ ਸਾਹਿਬ: ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਕ ‘ਮੇਲਾ ਮਾਘੀ’ ਪੂਰੀ ਸ਼ਰਧਾ ਅਤੇ ਉਤਸ਼ਾਹ…

Maghi Mela at Sri Muktsar Sahib take holy bath

ਸ੍ਰੀ ਮੁਕਤਸਰ ਸਾਹਿਬ: ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਕ ‘ਮੇਲਾ ਮਾਘੀ’ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਲੋਹੜੀ ਦੀ ਰਾਤ ਤੋਂ ਹੀ ਦੇਸ਼-ਵਿਦੇਸ਼ ਤੋਂ ਸੰਗਤਾਂ ਦਾ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਪਹੁੰਚਣਾ ਜਾਰੀ ਹੈ। ਹੱਡ ਚੀਰਵੀਂ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਸ਼ਰਧਾਲੂਆਂ ਦੇ ਹੌਸਲੇ ਬੁਲੰਦ ਹਨ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਕੜਾਕੇ ਦੀ ਸੀਤ ਲਹਿਰ ਵਿੱਚ ਵੀ ਅਟੁੱਟ ਸ਼ਰਧਾ

ਪੰਜਾਬ ਵਿੱਚ ਇਨੀਂ ਦਿਨੀਂ ਪੈ ਰਹੀ ਭਾਰੀ ਸਰਦੀ ਅਤੇ ਤਾਪਮਾਨ 2 ਤੋਂ 4 ਡਿਗਰੀ ਦੇ ਵਿਚਕਾਰ ਹੋਣ ਦੇ ਬਾਵਜੂਦ ਸੰਗਤਾਂ ਦੀ ਆਸਥਾ ਵਿੱਚ ਕੋਈ ਕਮੀ ਨਹੀਂ ਆਈ। ਅੱਧੀ ਰਾਤ ਤੋਂ ਹੀ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਘਣੀ ਧੁੰਦ ਕਾਰਨ ਸਰੋਵਰ ਦੇ ਆਲੇ-ਦੁਆਲੇ ਵਿਜ਼ੀਬਿਲਟੀ ਬਿਲਕੁਲ ਜ਼ੀਰੋ ਸੀ, ਪਰ ਫਿਰ ਵੀ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਅਧਿਆਤਮਿਕ ਬਣਿਆ ਰਿਹਾ। ਸੰਗਤਾਂ ਨੇ ਚਾਲੀ ਮੁਕਤਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਤੰਬੂ ਸਾਹਿਬ ਅਤੇ ਟਿੱਬੀ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਧਾਰਮਿਕ ਸਮਾਗਮ ਅਤੇ ਅੰਮ੍ਰਿਤ ਸੰਚਾਰ

ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮਾਘੀ ਦੇ ਮੌਕੇ ‘ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਰਾਗੀ-ਢਾਡੀ ਜੱਥਿਆਂ ਨੇ ਸਿੱਖ ਇਤਿਹਾਸ ਅਤੇ ਮੁਕਤਿਆਂ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੇ ਨਾਲ ਹੀ 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ ਅਤੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।

ਨਗਰ ਕੀਰਤਨ ਅਤੇ ਮਹੱਲਾ ਹੋਵੇਗਾ ਖਿੱਚ ਦਾ ਕੇਂਦਰ

ਮੇਲੇ ਦੇ ਅਖੀਰਲੇ ਪੜਾਅ ‘ਤੇ 15 ਜਨਵਰੀ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਸੰਪੰਨ ਹੋਵੇਗਾ। ਇਸ ਦੌਰਾਨ ਗੁਰੂ ਦੀਆਂ ਲਾਡਲੀਆਂ ਫੌਜਾਂ ਯਾਨੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ‘ਮਹੱਲਾ’ ਕੱਢਿਆ ਜਾਵੇਗਾ, ਜਿੱਥੇ ਉਹ ਆਪਣੇ ਜੰਗੀ ਜੌਹਰ (ਗਤਕਾ) ਦਾ ਪ੍ਰਦਰਸ਼ਨ ਕਰਨਗੇ।

ਮਨੋਰੰਜਨ ਮੇਲਾ ਅਤੇ ਲੰਗਰਾਂ ਦੀ ਸੇਵਾ

ਧਾਰਮਿਕ ਰੌਣਕਾਂ ਦੇ ਨਾਲ-ਨਾਲ ਮਲੋਟ ਰੋਡ ‘ਤੇ ਮਨੋਰੰਜਨ ਮੇਲਾ ਵੀ ਸ਼ੁਰੂ ਹੋ ਚੁੱਕਾ ਹੈ, ਜੋ 28 ਫਰਵਰੀ ਤੱਕ ਚੱਲੇਗਾ। ਸ਼ਹਿਰ ਦੇ ਦਾਨੀ ਸੱਜਣਾਂ ਵੱਲੋਂ ਜਗ੍ਹਾ-ਜਗ੍ਹਾ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਅਟੁੱਟ ਲੰਗਰ ਲਗਾਏ ਗਏ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੇਲੇ ਦੌਰਾਨ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/bjps-big-political-arena-in-maghi-mela-tight-lipped-sarcasm/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

Leave a Reply

Your email address will not be published. Required fields are marked *