ਸ਼੍ਰੀ ਮੁਕਤਸਰ ਸਾਹਿਬ: ਪਵਿੱਤਰ ਮਾਘੀ ਮੇਲੇ ਦੇ ਮੌਕੇ ‘ਤੇ ਇਸ ਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਵਿਸ਼ਾਲ ਸਿਆਸੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੇਂਦਰੀ ਮੰਤਰੀਆਂ ਅਤੇ ਵੱਡੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੰਚ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ ਅਤੇ ਅਸ਼ਵਨੀ ਸ਼ਰਮਾ ਸਮੇਤ ਕਈ ਦਿੱਗਜ ਮੌਜੂਦ ਸਨ।
ਸੰਦੀਪ ਜਾਖੜ ਦੀ ਮੌਜੂਦਗੀ ਨੇ ਛੇੜੀ ਸਿਆਸੀ ਚਰਚਾ
ਕਾਨਫਰੰਸ ਦੌਰਾਨ ਸਭ ਤੋਂ ਵੱਧ ਚਰਚਾ ਸੁਨੀਲ ਜਾਖੜ ਦੇ ਭਤੀਜੇ ਅਤੇ ਕਾਂਗਰਸ ਤੋਂ ਮੁਅੱਤਲ ਵਿਧਾਇਕ ਸੰਦੀਪ ਜਾਖੜ ਦੀ ਰਹੀ, ਜੋ ਭਾਜਪਾ ਦੇ ਮੰਚ ‘ਤੇ ਨਜ਼ਰ ਆਏ। ਸੰਦੀਪ ਜਾਖੜ ਦੀ ਮੌਜੂਦਗੀ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਦੌਰਾਨ ਲੋਕਾਂ ਦੇ ਮਨੋਰੰਜਨ ਲਈ ਮਸ਼ਹੂਰ ਪੰਜਾਬੀ ਗਾਇਕ ਲਾਭ ਹੀਰਾ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਕਾਰਨ ਭਾਰੀ ਗਿਣਤੀ ਵਿੱਚ ਵਰਕਰ ਪੰਡਾਲ ਵਿੱਚ ਡਟੇ ਰਹੇ।
ਰਵਨੀਤ ਬਿੱਟੂ ਅਤੇ ਤਰੁਣ ਚੁੱਘ ਵੱਲੋਂ ਤਿੱਖੀ ਬਿਆਨਬਾਜ਼ੀ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਰਕਾਰੀ ਮਸ਼ੀਨਰੀ ਅਤੇ ਬੱਸਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀਆਂ ਰੈਲੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਪੁਲਿਸ ਰਾਹੀਂ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ 1984 ਦੇ ਸਿੱਖ ਦੰਗਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ਨੂੰ ਘੇਰਿਆ ਅਤੇ ‘ਆਪ’ ‘ਤੇ ਸਿੱਖ ਮਰਿਆਦਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ।
ਪੁਲਿਸ ਦੀ ਕਾਰਵਾਈ ‘ਤੇ ਭਾਜਪਾ ਨੇ ਜਤਾਇਆ ਇਤਰਾਜ਼
ਕਾਨਫਰੰਸ ਦੌਰਾਨ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਜਾਣਬੁੱਝ ਕੇ ਵਰਕਰਾਂ ਨੂੰ ਨਾਕਿਆਂ ‘ਤੇ ਰੋਕ ਰਿਹਾ ਹੈ। ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਸੁਰੱਖਿਆ ਦੀ ਆੜ ਵਿੱਚ ਵਰਕਰਾਂ ਅਤੇ ਆਗੂਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਈ ਆਗੂ ਮੰਚ ‘ਤੇ ਦੇਰੀ ਨਾਲ ਪਹੁੰਚੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਇਸ ਲਈ ਉਨ੍ਹਾਂ ਨੂੰ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/sensation-spread-after-body-of-unidentified-person-found-no-identification-yet/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



