ਬਰਨਾਲਾ: ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਜ਼ੁਰਗ ਕਿਸਾਨ (Farmer) ਨੇ ਆਪਣੀ ਕਰੋੜਾਂ ਦੀ ਜ਼ਮੀਨ ਹੜੱਪਣ ਦੇ ਰੋਸ ਵਜੋਂ Suicide ਕਰ ਲਈ। ਮ੍ਰਿਤਕ ਦੀ ਪਛਾਣ 80 ਸਾਲਾ ਮੇਜਰ ਸਿੰਘ ਵਜੋਂ ਹੋਈ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਆਪਣੀ 12 ਏਕੜ ਜ਼ਮੀਨ ਦੀ ਫ਼ਰਜ਼ੀ ਰਜਿਸਟਰੀ ਨੂੰ ਲੈ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।
ਕੀ ਹੈ ਪੂਰਾ ਮਾਮਲਾ?
ਮ੍ਰਿਤਕ ਮੇਜਰ ਸਿੰਘ ਦੀ ਕੋਈ ਪੁੱਤਰ ਨਹੀਂ ਸੀ, ਉਸ ਦੀਆਂ ਸਿਰਫ਼ ਤਿੰਨ ਬੇਟੀਆਂ ਸਨ। ਉਹ ਆਪਣੀ 12 ਏਕੜ ਜ਼ਮੀਨ ਆਪਣੀਆਂ ਧੀਆਂ ਦੇ ਨਾਮ ਕਰਨਾ ਚਾਹੁੰਦਾ ਸੀ। ਪਰ ਇਲਜ਼ਾਮ ਹੈ ਕਿ ਉਸ ਦੇ ਭਤੀਜੇ ਨੇ ਕਥਿਤ ਤੌਰ ‘ਤੇ ਦੋ ਫ਼ਰਜ਼ੀ ਆਧਾਰ ਕਾਰਡ ਤਿਆਰ ਕਰਕੇ ਧੋਖੇ ਨਾਲ ਸਾਰੀ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ। ਜਦੋਂ ਮੇਜਰ ਸਿੰਘ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ, ਤਾਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਪਿਛਲੇ ਚਾਰ ਸਾਲਾਂ ਤੋਂ ਉਹ ਆਪਣੀ ਦਿਵਿਆਂਗ ਬੇਟੀ ਅਤੇ ਜਵਾਈ ਨਾਲ ਰਹਿ ਰਿਹਾ ਸੀ।
ਧਮਕੀਆਂ ਅਤੇ ਮਾਨਸਿਕ ਪਰੇਸ਼ਾਨੀ ਨੇ ਮਜਬੂਰ ਕੀਤਾ
ਪਰਿਵਾਰਕ ਮੈਂਬਰਾਂ ਅਨੁਸਾਰ, ਅਦਾਲਤੀ ਕੇਸ ਚੱਲਣ ਦੇ ਬਾਵਜੂਦ ਦੋਸ਼ੀ ਪੱਖ ਵੱਲੋਂ ਮੇਜਰ ਸਿੰਘ ਨੂੰ ਲਗਾਤਾਰ ਡਰਾਇਆ-ਧਮਕਾਇਆ ਜਾ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਮੇਜਰ ਸਿੰਘ ਨੇ ਘਰ ਦੀ ਛੱਤ ‘ਤੇ ਲੱਗੀ ਰੇਲਿੰਗ (ਗਾਰਡਰ) ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਖ਼ਰੀ ਵਾਰ ਨਜ਼ਰ ਆ ਰਿਹਾ ਹੈ।
ਧੀ ਨੇ ਰੋਂਦਿਆਂ ਮੰਗਿਆ ਇਨਸਾਫ਼
ਮ੍ਰਿਤਕ ਦੀ ਦਿਵਿਆਂਗ ਬੇਟੀ ਕੁਲਵਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਿਤਾ ਦਾ ਕੋਈ ਸਹਾਰਾ ਨਹੀਂ ਸੀ ਅਤੇ ਉਹ ਸਿਰਫ਼ ਆਪਣਾ ਹੱਕ ਚਾਹੁੰਦੇ ਸਨ। ਉਨ੍ਹਾਂ ਮੰਗ ਕੀਤੀ ਕਿ ਫ਼ਰਜ਼ੀ ਰਜਿਸਟਰੀ ਰੱਦ ਕੀਤੀ ਜਾਵੇ ਅਤੇ ਪਿਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਪੁਲਿਸ ਦੀ ਕਾਰਵਾਈ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ (SHO) ਨੇ ਦੱਸਿਆ ਕਿ ਮ੍ਰਿਤਕ ਦੀ ਬੇਟੀ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਵਿਅਕਤੀਆਂ—ਹਰਦੀਪ ਸਿੰਘ (ਭਤੀਜਾ), ਮਨਜੀਤ ਕੌਰ (ਭਤੀਜੇ ਦੀ ਮਾਂ) ਅਤੇ ਵੀਰਪਾਲ ਕੌਰ (ਭਤੀਜੇ ਦੀ ਪਤਨੀ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਫਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/punjab-roadways-and-punbus-workers-stage-state-level-protest-warn-government-of-fierce-struggle/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



