ਜਲੰਧਰ ‘ਚ ਧਾਰਮਿਕ ਬੋਰਡ ਫਾੜਨ ਨੂੰ ਲੈ ਕੇ ਹੰਗਾਮਾ, ਸੰਗਤ ਨੇ ਨੌਜਵਾਨ ਨੂੰ ਫੜਿਆ ਰੰਗੇ ਹੱਥੀਂ

ਜਲੰਧਰ : ਜਲੰਧਰ ਦੇ ਦੋਮੋਰੀਆ ਪੁਲ ਨੇੜੇ ਬੀਤੀ ਦੇਰ ਰਾਤ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਨੌਜਵਾਨ ਵੱਲੋਂ ਨਗਰ ਕੀਰਤਨ ਨਾਲ ਸਬੰਧਤ ਧਾਰਮਿਕ…

jalandhar Incident

ਜਲੰਧਰ : ਜਲੰਧਰ ਦੇ ਦੋਮੋਰੀਆ ਪੁਲ ਨੇੜੇ ਬੀਤੀ ਦੇਰ ਰਾਤ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਨੌਜਵਾਨ ਵੱਲੋਂ ਨਗਰ ਕੀਰਤਨ ਨਾਲ ਸਬੰਧਤ ਧਾਰਮਿਕ ਬੋਰਡ ਨੂੰ ਚਾਕੂ ਨਾਲ ਫਾੜਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਰਾਤ ਕਰੀਬ 11 ਵਜੇ ਦੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਮੁਲਜ਼ਮ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਤੁਰੰਤ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਘਟਨਾ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਕੌਂਸਲਰ ਸ਼ੈਰੀ ਚੱਢਾ ਨੇ ਜਤਾਇਆ ਇਤਰਾਜ਼

ਘਟਨਾ ਦੀ ਸੂਚਨਾ ਮਿਲਦੇ ਹੀ ਕੌਂਸਲਰ ਸ਼ੈਰੀ ਚੱਢਾ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਇਸ ਕਾਰਵਾਈ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਬੇਅਦਬੀ ਕਰਾਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਨਗਰ ਕੀਰਤਨ ਲਈ ਬੋਰਡ ਲਗਾਉਣਾ ਕੋਈ ਗੁਨਾਹ ਨਹੀਂ ਹੈ, ਫਿਰ ਅਜਿਹੀ ਹਰਕਤ ਕਿਉਂ ਕੀਤੀ ਗਈ? ਸੰਗਤ ਨੇ ਮੰਗ ਕੀਤੀ ਹੈ ਕਿ ਇਸ ਸ਼ਰਾਰਤ ਪਿੱਛੇ ਜਿਸ ਵੀ ਵਿਅਕਤੀ ਦਾ ਹੱਥ ਹੈ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੁੱਛਗਿੱਛ ਚ ਹੋਇਆ ਅਹਿਮ ਖ਼ੁਲਾਸਾ

ਫੜੇ ਗਏ ਨੌਜਵਾਨ ਨੇ ਸੰਗਤ ਅਤੇ ਪੁਲਿਸ ਸਾਹਮਣੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਸਭ ਆਪਣੀ ਮਰਜ਼ੀ ਨਾਲ ਨਹੀਂ ਕੀਤਾ। ਉਸ ਅਨੁਸਾਰ, ਸ਼ਾਮ ਨਾਮ ਦੇ ਇੱਕ ਠੇਕੇਦਾਰ ਨੇ ਉਸ ਨੂੰ ਬੋਰਡ ਫਾੜ ਕੇ ਉਸ ਦਾ ਫਰੇਮ ਲਾਹ ਕੇ ਲਿਆਉਣ ਲਈ ਕਿਹਾ ਸੀ। ਇਸ ਖ਼ੁਲਾਸੇ ਤੋਂ ਬਾਅਦ ਸੰਗਤ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਠੇਕੇਦਾਰ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਰਾਤ ਸਮੇਂ ਵੱਡੀ ਗਿਣਤੀ ਵਿੱਚ ਲੋਕ ਥਾਣੇ ਦੇ ਬਾਹਰ ਇਕੱਠੇ ਹੋ ਗਏ ਸਨ।

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ

ਐੱਸ.ਐੱਚ.ਓ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖ ਸੰਗਤ ਵੱਲੋਂ ਮਿਲੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਤਾਂ ਨਹੀਂ ਸੀ। ਪੁਲਿਸ ਦੇ ਭਰੋਸੇ ਤੋਂ ਬਾਅਦ ਹੀ ਸੰਗਤ ਦਾ ਗੁੱਸਾ ਸ਼ਾਂਤ ਹੋਇਆ। ਪ੍ਰਸ਼ਾਸਨ ਨੇ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *