ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁੱਕਰਵਾਰ ਰਾਤ ਕੇਰਲਾ ਦੇ ਕੋਜ਼ੀਕੋਡ ਵਿਚ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਦਰਅਸਲ ਲੈਂਡਿੰਗ ਦੇ ਦੌਰਾਨ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਰਨਵੇ ਤੋਂ ਖਿਸਕ ਗਿਆ ਅਤੇ 35 ਫੁੱਟ ਗਹਿਰੀ ਖਾਈ ਵਿਚ ਜਾ ਡਿੱਗਿਆ। ਇਸ ਘਟਨਾ ਵਿਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਸਮੇਤ ਕੁੱਲ 18 ਲੋਕਾਂ ਦੀ ਮੌਤ ਹੋ ਗਈ ਹੈ. ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਐਕਸਪ੍ਰੈੱਸ ਦਾ AXB1344, ਬੋਇੰਗ 737 ਜਹਾਜ਼ ਦੁਬਈ ਤੋਂ ਕੋਜ਼ੀਕੋਡ ਆ ਰਿਹਾ ਸੀ। ਇਸ ਵਿਚ 2 ਪਾਇਲਟਾਂ ਅਤੇ 6 ਕਰੂ ਮੈਂਬਰਾਂ ਸਮੇਤ ਕੁੱਲ 192 ਯਾਤਰੀ ਸਵਾਰ ਸਨ। ਇਹ ਜਹਾਜ਼ ਜਦੋਂ ਰਾਤ 7.41 ਮਿੰਟ ਉੱਤੇ ਕੇਰਲਾ ਦੇ ਕੋਜ਼ੀਕੋਡ ਇੰਟਰਨੈਸ਼ਨਲ ਏਅਰਪੋਰਟ ਪਹੁੰਚਿਆਂ ਤਾਂ ਲੈਂਡਿੰਗ ਦੌਰਾਨ ਰਨਵੇ ਤੋਂ ਖਿਸਕ ਕੇ ਦੀਵਾਰ ਨਾਲ ਟਕਰਾਇਆ ਅਤੇ ਹਾਦਸਾਗ੍ਰਸਤ ਹੋ ਗਿਆ। ਇਸ ਪੂਰੀ ਘਟਨਾ ਦੌਰਾਨ ਜਹਾਜ਼ ਦੇ ਦੋ ਟੁੱਕੜੇ ਹੋ ਗਏ ਅਤੇ ਇੱਕ ਟੁੱਕੜਾ ਖਾਈ ਵਿਚ ਜਾ ਡਿੱਗਿਆ। ਜਹਾਜ਼ ਹਾਦਸਾ ਵਾਪਰਨ ਤੋਂ ਬਾਅਦ ਏਅਰਪੋਰਟ ਉੱਤੇ ਹਫੜਾ-ਤਫੜੀ ਮੱਚ ਗਈ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਜਹਾਜ਼ ਨੂੰ ਉੱਡਾ ਰਹੇ ਦੋ ਪਾਇਲਟਾਂ ਸਮੇਤ ਕੁੱਲ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 127 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਤ ਤੋਂ ਹੀ ਬਚਾਅ ਕਾਰਜ ਜਾਰੀ ਹੈ। ਐਡੀਆਰਐਫ ਦੀਆਂ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਹਨ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ਉੱਤੇ ਦੁੱਖ ਜਤਾਇਆ ਹੈ ਅਤੇ ਕੇਰਲਾ ਤੋਂ ਮੱਖ ਮੰਤਰੀ ਪੀ.ਵਿਜੇਯਨ ਨਾਲ ਫੋਨ ਉੱਤੇ ਗੱਲਬਾਤ ਕਰਕੇ ਤਾਜ਼ੇ ਹਲਾਤਾਂ ਦੀ ਜਾਣਕਾਰੀ ਲਈ ਹੈ।
ਉੱਥੇ ਹੀ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਖਬਰ ਏਜੰਸੀ ਏਐਨਆਈ ਨੂੰ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਕੋਜ਼ੀਕੋਡ ਇੰਟਰਨੈਸ਼ਨਲ ਏਅਰਪੋਰਟ ਉੱਤੇ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਪੂਰੀ ਘਟਨਾ ਵਿਚ ਦੋ ਪਾਇਲਟਾਂ ਸਮੇਤ ਕੁੱਲ 18 ਲੋਕਾਂ ਦੀ ਜਾਨ ਚੱਲੀ ਗਈ ਹੈ। ਜੇਕਰ ਜਹਾਜ਼ ਵਿਚ ਅੱਗ ਲੱਗ ਜਾਂਦੀ ਹੈ ਤਾਂ ਸਾਡਾ ਕੰਮ ਹੋਰ ਵੀ ਮੁਸ਼ਕਿਲ ਹੋ ਜਾਂਦਾ। ਮੈ ਹਵਾਈ ਅੱਡੇ ਉੱਤ ਜਾ ਰਿਹਾ ਹਾਂ। ਦੱਸਿਆ ਜਾ ਰਿਹਾ ਹੈ ਕਿ ਕੋਜ਼ੀਕੋਡ ਦਾ ਰਨਵੇ ਜ਼ਿਆਦਾ ਲੰਬਾ ਨਹੀ ਹੈ ਅਤੇ ਵਿਜ਼ੀਬਿਲਟੀ ਵੀ ਬਹੁਤ ਘੱਚ ਸੀ ਨਾਲ ਹੀ ਭਾਰੀ ਬਾਰਿਸ਼ ਹੋਣ ਕਰਕੇ ਰਨਵੇ ਉੱਤੇ ਪਾਣੀ ਵੀ ਭਰਿਆ ਹੋਇਆ ਸੀ।


