ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੁੱਧਵਾਰ ਸ਼ਾਮ ਨੂੰ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ(ਐਲਜੀ) ਗਿਰਿਸ਼ ਚੰਦਰ ਮਰਮੂ ਨੇ ਆਪਣੇ ਅਹੁੱਦੇ ਤੋਂ ਅਚਾਨਕ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਅਗਲੇ ਉੱਪ-ਰਾਜਪਾਲ ਲਈ ਸਾਬਕਾ ਕੇਂਦਰੀ ਮੰਤਰੀ ਮਨੋਜ ਸਿਨਹਾ ਦੇ ਨਾਮ ਉੱਤੇ ਮੋਹਰ ਲਗਾ ਦਿੱਤੀ ਹੈ। ਭਾਵ ਇਹ ਸਾਫ ਹੋ ਗਿਆ ਹੈ ਕਿ ਮਨੋਜ ਸਿਨਹਾ ਹੀ ਹੁਣ ਜੰਮੂ ਕਸ਼ਮੀਰ ਦੇ ਅਗਲੇ ਐਲਜੀ ਹੋਣਗੇ।
ਦਰਅਸਲ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਗਿਰਿਸ਼ ਚੰਦਰ ਦਾ ਅਸਤੀਫਾ ਮੰਜੂਰ ਕਰ ਲਿਆ। ਜੀਸੀ ਮਰਮੂ 31 ਅਕਤੂਬਰ 2019 ਨੂੰ ਹੀ ਜੰਮੂ ਕਸ਼ਮੀਰ ਦੇ ਐਲਜੀ ਨਿਯੁਕਤ ਹੋਏ ਸਨ, ਭਾਵ ਲਗਭਗ 9 ਮਹੀਨਿਆਂ ਤੋਂ ਬਾਅਦ ਅਤੇ ਧਾਰਾ 370 ਨੂੰ ਹਟਾਏ ਜਾਣ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ਉੱਤੇ ਉਨ੍ਹਾਂ ਨੇ ਆਪਣਾ ਅਹੁੱਦਾ ਛੱਡ ਦਿੱਤਾ ਹੈ। ਖਬਰਾਂ ਇਹ ਵੀ ਆ ਰਹੀਆਂ ਹਨ ਕਿ ਹੁਣ ਉਨ੍ਹਾਂ ਨੂੰ ਭਾਰਤ ਦਾ ਨਵਾਂ ਸੀਏਜੀ ਨਿਯੁਕਤ ਕੀਤਾ ਜਾ ਸਕਦਾ ਹੈ, ਕਿਉਂਕਿ ਮੌਜੂਦ ਸੀਏਜੀ ਰਾਜੀਵ ਮਹੀਰਸ਼ ਦਾ ਕਾਰਜਕਾਲ ਇਸ ਹਫਤੇ 7 ਅਗਸਤ ਨੂੰ ਹੀ ਖਤਮ ਹੋ ਰਿਹਾ ਹੈ। ਉੱਥੇ ਹੀ ਨਵੇਂ ਐਲਜੀ ਲਗਾਏ ਗਏ ਮਨੋਜ ਸਿਨਹਾ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਭਰੋਸੇਮੰਦ ਲੀਡਰਾਂ ਵਿਚ ਗਿਣਿਆ ਜਾਂਦਾ ਹੈ। ਉਹ ਉੱਤਰ ਪ੍ਰਦੇਸ਼ ਦੀ ਗਾਜੀਪੁਰ ਸੀਟ ਤੋਂ ਸਾਂਸਦ ਰਹਿ ਚੁੱਕੇ ਹਨ ਅਤੇ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਮੰਤਰੀ ਵੀ ਬਣੇ ਸਨ। 2017 ਵਿਚ ਯੂਪੀ ਦੇ ਸੀਐਮ ਦੀ ਰੇਸ ਵਿਚ ਉਨ੍ਹਾਂ ਦਾ ਨਾਮ ਸੱਭ ਤੋਂ ਅੱਗੇ ਸੀ। ਦੂਜੇ ਪਾਸੇ ਜੰਮੂ ਕਸ਼ਮੀਰ ਵਿਚੋਂ 370 ਹਟਾਏ ਜਾਣ ਨੂੰ ਇਕ ਸਾਲ ਪੂਰਾ ਹੋ ਗਿਆ ਹੈ, ਅਜਿਹੇ ਵਿਚ ਉੱਥੇ ਰਾਜਨੀਤਿਕ ਹਲਾਤਾਂ ਨੂੰ ਸੁਧਾਰਣ ਲਈ ਜੋਰ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਮਨੋਜ ਸਿਨਹਾ ਨੂੰ ਇਸ ਅਹੁੱਦੇ ਲਈ ਚੁਣਿਆ ਗਿਆ ਹੈ। ਉਨ੍ਹਾਂ ਦਾ ਹੁਣ ਤੱਕ ਵਿਵਾਦਾਂ ਨਾਲ ਬਹੁਤ ਹੀ ਘੱਟ ਨਾਤਾ ਰਿਹਾ ਹੈ।
