ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਮ ਮੰਦਰ ਭੂਮੀ ਪੂਜਨ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਆਪਣੇ ਵਿਵਾਦਤ ਬਿਆਨ ਕਾਰਨ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਗਵਾਨ ਰਾਮ ਦੇ ਦੋ ਪੁੱਤਰ ਲਵ ਅਤੇ ਕੁਸ਼ ਦੇ ਵੰਸ਼ਜ਼ ਦੱਸ ਦਿੱਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਉੱਤੇ ਸਵਾਲ ਉੱਠਣ ਸ਼ੁਰੂ ਹੋ ਗਏ ਹਨ।
ਦਰਅਸਲ ਬੀਤੇ ਬੁੱਧਵਾਰ ਨੂੰ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਕਰਨ ਗਏ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ”ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਰਾਮ ਦੇ ਵੱਡੇ ਪੁੱਤਰ ਲਵ ਦੇ ਵੰਸ਼ਜ਼ ਹਨ ਅਤੇ ਛੋਟੇ ਪੁੱਤਰ ਕੁਸ਼ ਦੇ ਵੰਸ਼ਜ਼ ਗੁਰੂ ਨਾਨਕ ਦੇਵ ਜੀ ਹਨ, ਜੋ ਬੇਦੀ ਸਨ। ਉਹ ਸਿੱਖਾਂ ਦੇ ਪੂਰਵਜ ਹਨ”। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਗਿਆਨੀ ਇਕਬਾਲ ਸਿੰਘ ਇਸ ਤਰ੍ਹਾਂ ਵਿਵਾਦਾਂ ਵਿਚ ਘਿਰੇ ਹੋਣ। ਤਖਤ ਪਟਨਾ ਸਾਹਿਬ ਦੇ ਜੱਥੇਦਾਰ ਵਜੋਂ ਗਿਆਨੀ ਇਕਬਾਲ ਸਿੰਘ ਦਾ ਕਾਰਜਕਾਲ ਵਿਵਾਦਾਂ ਵਿਚ ਹੀ ਰਿਹਾ ਹੈ। ਉਨ੍ਹਾਂ ਉੱਤੇ ਇਹ ਆਰੋਪ ਲੱਗਦੇ ਰਹੇ ਕਿ ਪਹਿਲੀ ਪਤਨੀ ਦੇ ਜਿਊਂਦੇ ਜੀਅ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਹੈ। ਇੰਨਾ ਹੀ ਨਹੀਂ ਬਲਕਿ ਉਨ੍ਹਾਂ ਦੇ ਬੇਟੇ ਗੁਰਪ੍ਰਸਾਦ ਸਿੰਘ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਉਹ ਸਿਗਰਟ ਅਤੇ ਸ਼ਰਾਬ ਪੀ ਰਿਹਾ ਸੀ। ਵੀਡੀਓ ਵਾਇਰਲ ਹੋਣ ਬਾਅਦ ਗਿਆਨੀ ਇਕਬਾਲ ਸਿੰਘ ਨੇ ਆਪਣੇ ਬੇਟੇ ਨੂੰ ਆਪਣੀ ਸੰਪਤੀ ਤੇ ਰਿਸ਼ਤੇ ਤੋਂ ਬੇਦਖ਼ਲ ਕਰ ਦਿੱਤਾ ਸੀ।
