ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਰੋਨਾ ਕਾਰਨ ਬੰਦ ਪਈ ਫਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਬੀਤੇ ਵੀਰਵਾਰ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਮੁਤਾਬਕ ਹੁਣ ਸ਼ੂਟਿੰਗ ਵਾਲੇ ਸਥਾਨ ‘ਤੇ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ ਅਤੇ ਕੋਵਿਡ ਇਹਤਿਆਤ ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਯਕੀਨੀ ਹੋਵੇਗੀ।
ਹਦਾਇਤਾਂ ਅਨੁਸਾਰ ਸ਼ੂਟਿੰਗ ਲਈ ਆਗਿਆ ਲੈਣ ਵਾਸਤੇ ਸੱਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਬਿਨੈ ਪੱਤਰ ਦੇਣਾ ਹੋਵੇਗਾ ਜਿਸ ਵਿੱਚ ਸ਼ੂਟਿੰਗ ਸਥਾਨ ਦਾ ਵੇਰਵਾ, ਦਿਨਾਂ ਦੀ ਗਿਣਤੀ, ਆਗਿਆ ਦਾ ਸਮਾਂ ਆਦਿ ਲਿਖਣਾ ਹੋਵੇਗਾ। ਡਿਪਟੀ ਕਮਿਸ਼ਨਰ ਪੁਲਿਸ ਅਧਿਕਾਰੀਆਂ ਨਾਲ ਸਲਾਹ ਤੋਂ ਬਾਅਦ ਆਗਿਆ ਦੇਵੇਗਾ ਅਤੇ ਆਗਿਆ ਦੀ ਕਾਪੀ ਅੱਗੇ ਜਾਣਕਾਰੀ ਤੇ ਲੋੜੀਂਦੀ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ/ਐਸ.ਐਸ.ਪੀ. ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਸ਼ੂਟਿੰਗ ਦੌਰਾਨ ਮੌਕੇ ‘ਤੇ ਕੁੱਲ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ ਅਤੇ ਇਹ ਘੱਟੋ-ਘੱਟ ਸੰਭਵ ਸਮੇਂ ਵਿੱਚ ਕੀਤੀ ਜਾਣੀ ਚਾਹੀਦੀ ਹੈ। ਸ਼ੂਟਿੰਗ ਸਬੰਧਤ ਵਿਅਕਤੀਆਂ ਦੀ ਪਹਿਲਾਂ ਥਰਮਲ ਸਕੈਨਿੰਗ ਹੋਵੇਗੀ ਅਤੇ ਕਿਸੇ ਵਿੱਚ ਵੀ ਬਿਮਾਰੀ ਦਾ ਕੋਈ ਲੱਛਣ ਨਾ ਪਾਏ ਜਾਣ ਤੋਂ ਬਾਅਦ ਹੀ ਇਸ ਨੂੰ ਸ਼ੁਰੂ ਹੋਣ ਦਿੱਤਾ ਜਾਵੇਗਾ।
ਸ਼ੂਟਿੰਗ ਸਥਾਨ ਨੂੰ ਸੈਨੀਟਾਈਜ਼ ਕਰਨਾ ਲਾਜ਼ਮੀ ਹੋਵੇਗਾ ਅਤੇ ਸਾਬਣ ਤੇ ਪਾਣੀ ਦਾ ਪੂਰਾ ਬੰਦੋਬਸਤ ਕਰਨ ਪਵੇਗਾ। ਸਾਰਿਆਂ ਨੂੰ ਨਿਰੰਤਰ ਹੱਥ ਧੋਣੇ ਪੈਣਗੇ। ਕੈਮਰੇ ਦਾ ਸਾਹਮਣਾ ਕਰਨ ਵਾਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਾਸਕ ਪਹਿਨਣਾ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਭੀੜ ਨੂੰ ਰੋਕਣ ਲਈ ਢੁੱਕਵੀਂ ਗਿਣਤੀ ਵਿੱਚ ਕਨਾਤਾਂ ਆਦਿ ਦੀ ਵਿਵਸਥਾ ਕਰਨੀ ਹੋਵੇਗੀ ਅਤੇ ਨਿੱਜੀ ਸੁਰੱਖਿਆ ਕਰਮੀਆਂ ਵੱਲੋਂ ਭੀੜ ਨੂੰ ਕੰਟਰੋਲ ਕਰਨਾ ਯਕੀਨੀ ਬਣਾਉਣਾ ਹੋਵੇਗਾ।
ਦੱਸ ਦਈਏ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰਾਂ ਅਤੇ ਗਾਇਕਾਂ ਨੇ ਸਰਕਾਰ ਨੂੰ ਸ਼ੂਟਿੰਗ ਮੁੜ ਤੋਂ ਸ਼ੁਰੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਸੀਐਮ ਕੈਪਟਨ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਸ ਸਬੰਧੀ ਵਿਚ ਜਲਦੀ ਹੀ ਲੋੜੀਂਦੀਆਂ ਹਦਾਇਤਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ ।
