ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜਾਸੂਸੀ ਦੇ ਆਰੋਪ ਵਿਚ ਪਾਕਿਸਤਾਨ ਦੇ ਜੇਲ੍ਹ ‘ਚ ਬੰਦ ਭਾਰਤੀ ਜਲਸੈਨਾ ਦੇ ਸੇਵਾਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਲੈ ਕੇ ਪਾਕਿਸਤਾਨ ਦਾ ਨਵਾਂ ਡਰਾਮਾ ਸਾਹਮਣੇ ਆਇਆ ਹੈ। ਦਰਅਸਲ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕੁਲਭੂਸ਼ਣ ਜਾਧਵ ਨੇ ਕੋਰਟ ਵਿਚ ਰਿਵਿਊ ਪਟੀਸ਼ਨ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਮਰਸੀ ਪਟੀਸ਼ਨ(ਰਹਿਮ ਦੀ ਅਪੀਲ) ਨੂੰ ਵੀ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਜਾਧਵ ਨੂੰ ਦੂਜੇ ਕਾਊਂਸਲਰ ਅਕਸੈਸ ਦੀ ਵੀ ਪੇਸ਼ਕਸ਼ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਐਡੀਸ਼ਨਲ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ 17 ਜੂਨ 2020 ਨੂੰ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਨੇ ਉਸਦੀ ਸਜ਼ਾ ਅਤੇ ਸਜ਼ਾ ਬਾਰੇ ਮੁੜ ਵਿਚਾਰ(ਰਿਵਿਊ) ਕਰਨ ਲਈ ਪਟੀਸ਼ਨ ਦਾਖਲ ਕਰਨ ਦਾ ਸੱਦਾ ਦਿੱਤਾ ਸੀ ਪਰ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੁਲਭੂਸ਼ਣ ਜਾਧਵ ਨੇ ਰਿਵਿਊ ਪਟੀਸ਼ਨ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਇਸ ਦੀ ਬਜਾਏ ਆਪਣੀ ਬਾਕੀ ਪਈ ਦਇਆ ਪਟੀਸ਼ਨ ਦੀ ਪਾਲਣਾ ਕਰਨ ਦਾ ਵਿਕਲਪ ਚੁਣਿਆ ਹੈ। ਉੱਥੇ ਹੀ ਪਾਕਿਸਤਾਨ ਨੇ ਜਾਧਵ ਨੂੰ ਦੂਜਾ ਕਾਊਂਸਲਰ ਅਕਸੈਸ ਦੇਣ ਦਾ ਪ੍ਰਸਤਾਵ ਭਾਰਤ ਨੂੰ ਭੇਜਿਆ ਹੈ ਅਤੇ ਜਾਧਵ ਦੇ ਪਿਤਾ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਪੂਰੀ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਸਾਲ 2017 ਵਿਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਆਰੋਪ ਵਿਚ ਮੌਤ ਦੀ ਸਜ਼ਾ ਸੁਣਾਈ ਸੀ ਜਿਸ ਦੇ ਖਿਲਾਫ ਭਾਰਤ ਅੰਤਰਰਾਸ਼ਟਰੀ ਕੋਰਟ ਵਿਚ ਚੱਲਿਆ ਗਿਆ ਸੀ, ਜਿੱਥੇ ਕੋਰਟ ਨੇ ਭਾਰਤ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਜਾਧਵ ਦੀ ਸਜ਼ਾ ਦੀ ਸਮੀਖਿਆ ਅਤੇ ਉਸ ਨੂੰ ਜਲਦੀ ਤੋਂ ਜਲਦੀ ਕਾਊਂਸਲਰ ਅਕਸੈਸ ਦੇਣ ਦਾ ਹੁਕਮ ਦਿੱਤਾ ਸੀ ਪਰ ਅੰਤਰਰਾਸ਼ਟੀ ਕੋਰਟ ਨੇ ਪਾਕਿਸਤਾਨੀ ਫੌਜੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਅਤੇ ਜਾਧਵ ਦੀ ਰਿਹਾਈ ਸਮੇਤ ਭਾਰਤ ਦੀ ਕਈਂ ਮੰਗਾਂ ਨੂੰ ਖਾਰਜ ਕਰ ਦਿੱਤਾ ਸੀ।
