ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਦਰਅਸਲ ਪਾਕਿਸਤਾਨੀ ਪੰਜਾਬ ਦੇ ਸ਼ੇਖਪੁਰਾ ਵਿਚ ਸਿੱਖ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਵੈਨ ਦੀ ਟਰੇਨ ਨਾਲ ਟੱਕਰ ਹੋ ਗਈ ਜਿਸ ਦੌਰਾਨ 20 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 6 ਤੋਂ 7 ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਉੱਥੇ ਹੀ ਮੌਕੇ ‘ਤੇ ਰੈਸਕਿਊ ਟੀਮਾਂ ਨੇ ਪਹੁੰਚ ਕੇ ਰਾਹਤ ਕਾਰਜ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ 26 ਤੋਂ 27 ਸਿੱਖ ਸ਼ਰਧਾਲੂ ਇਕ ਵੈਨ ਰਾਹੀਂ ਨਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸਨ ਅਤੇ ਉਦੋਂ ਹੀ 1.30 ਵਜੇ ਦੇ ਕਰੀਬ ਸ਼ੇਖਪੁਰ ਦੇ ਨਜ਼ਦੀਕ ਇਹ ਵੈਨ ਰੇਲਵੇ ਪਟਰੀ ਨੂੰ ਕਰਾਸ ਕਰਦੇ ਸਮੇਂ ਸ਼ਾਂਹ ਹੁਸੈਨ ਟਰੇਨ ਦੀ ਲਪੇਟ ਵਿਚ ਆ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੀ ਖਬਰ ਮਿਲਦੇ ਹੀ ਮੌਕੇ ਉੱਤੇ ਪ੍ਰਸ਼ਾਸਨਿਕ ਅਮਲਾ ਤੇ ਰੈਸਕਿਊ ਦੀਆਂ ਟੀਮਾਂ ਪਹੁੰਚ ਗਈਆਂ ਹਨ। ਉੱਥੇ ਹੀ ਰੇਲ ਦੀ ਚਪੇਟ ਵਿਚ ਆਈ ਵੈਨ ਦੇ ਪਰਖੱਚੇ ਉੱਡੇ ਗਏ ਹਨ ਜਿਸ ਕਰਕੇ ਵੱਡੀ ਸੰਖਿਆ ਵਿਚ ਜਾਨੀ ਨੁਕਸਾਨ ਹੋਇਆ ਹੈ। ਮ੍ਰਿਤਕਾਂ ਦੀ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਘਟਨਾ ਉੱਤੇ ਅਫਸੋਸ ਪ੍ਰਗਟ ਕੀਤਾ ਹੈ। ਇਮਰਾਨ ਖਾਨ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਜਤਾਈ ਹੈ ਅਤੇ ਜ਼ਖ਼ਮੀ ਹੋਏ ਸਿੱਖ ਸ਼ਰਧਾਲੂਆਂ ਨੂੰ ਵਧੀਆਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਆਦੇਸ਼ ਦਿੱਤੇ ਹਨ।
