ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਨਾਲ ਪੂਰਬੀ ਲੱਦਾਖ ਵਿਚ ਸਰਹੱਦ ਉੱਤੇ ਚੱਲ ਰਹੇ ਤਣਾਅ ਵਿਚਾਲੇ ਅੱਜ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਲੇਹ ਪਹੁੰਚ ਕੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਇਸ ਤਰ੍ਹਾ ਲੇਹ ਪਹੁੰਚਣ ਚੀਨ ਲਈ ਵੀ ਸਖਤ ਸੰਦੇਸ਼ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਚੀਨ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕੋਈ ਵੀ ਪੱਖ ਕੁੱਝ ਵੀ ਅਜਿਹਾ ਨਾ ਕਰੇ ਜਿਸ ਨਾਲ ਮਾਹੌਲ ਖਰਾਬ ਹੋਵੇ।
ਰੋਜ਼ਾਨਾ ਹੋਣ ਵਾਲੀ ਬ੍ਰਿਫਿੰਗ ਵਿਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸੀਮਾ ਵਿਵਾਦ ਨੂੰ ਫੌਜੀ ਅਧਿਕਾਰੀ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿਚ ਦੋਵਾਂ ਦੇਸ਼ਾਂ ਨੂੰ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਸੀਮਾ ਉੱਤੇ ਚੱਲ ਰਿਹਾ ਤਣਾਅ ਹੋਰ ਜ਼ਿਆਦਾ ਵਧੇ। ਚੀਨ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਅੱਜ ਪੀਐਮ ਮੋਦੀ ਲੇਹ ਦੌਰੇ ਉੱਤੇ ਗਏ ਹਨ ਅਤੇ ਉਨ੍ਹਾਂ ਨਾਲ ਫੌਜ ਮੁੱਖੀ ਜਨਰਲ ਐਮਐਮ ਨਰਵਣੇ ਅਤੇ ਚੀਫ ਆਫ ਡਿਫੈਂਸ ਸਟਾਫ(ਸੀਡੀਐਸ) ਬਿਪਿਨ ਰਾਵਤ ਵੀ ਮੌਜੂਦ ਹਨ।ਪੀਐਮ ਮੋਦੀ ਨੇ ਲੇਹ ਵਿਚ ਫਾਰਵਰਡ ਪੋਸਟ ਨੀਮੂ ਦਾ ਦੌਰਾ ਕੀਤਾ ਹੈ ਅਤੇ ਇੱਥੇ ਪਹੁੰਚ ਕੇ ਉਨ੍ਹਾਂ ਨੇ ਥਲਸੈਨਾ, ਹਵਾਈਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਹੈ। ਨੀਮੂ ਪੋਸਟ ਸਮੁੰਦਰੀ ਤਲ ਤੋਂ 11 ਹਜ਼ਾਰ ਫੁੱਟ ਦੀ ਉੱਚਾਈ ‘ਤੇ ਮੌਜੂਦ ਹੈ ਜਿਸ ਨੂੰ ਵਿਸ਼ਵ ਦੀ ਖਤਰਨਾਕ ਪੋਸਟਾਂ ਵਿਚ ਗਿਣਿਆ ਜਾਂਦਾ ਹੈ। ਪੀਐਮ ਮੋਦੀ ਨੇ ਇੱਥੇ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ 14 ਕੋਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉੱਤਰੀ ਆਰਮੀ ਕਮਾਂਡ ਦੇ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਅਤੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਮੌਜੂਦ ਰਹੇ ਹਨ।

