ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਦੇਸ਼ ਵਿਚ ਲਗਾਤਾਰ 18ਵੇਂ ਦਿਨ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਹਾਲਾਂਕਿ 17ਵੇਂ ਦਿਨ ਤੋਂ ਬਾਅਦ ਅੱਜ ਪੈਟਰੋਲ ਦੇ ਭਾਅ ਨਹੀਂ ਵਧੇ ਹਨ। ਡੀਜ਼ਲ ਦੀਆਂ ਕੀਮਤਾਂ ਵਿਚ 48 ਪੈਸੇ ਦਾ ਇਜ਼ਾਫਾ ਹੋਇਆ ਹੈ ਜਿਸ ਕਰਕੇ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਦਿੱਲੀ ‘ਚ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ।
ਦਿੱਲੀ ਵਿਚ ਡੀਜ਼ਲ ਦੀ ਕੀਮਤ 79.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਪੈਟਰੋਲ ਦਾ ਭਾਅ 79.76 ਰੁਪਏ ਲੀਟਰ ਹੋ ਗਿਆ ਹੈ। ਹਾਲਾਂਕਿ ਦਿੱਲੀ ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿਚ ਡੀਜ਼ਲ ਪੈਟਰੋਲ ਨਾਲੋ ਸਸਤਾ ਹੈ ,ਜਿਵੇਂ ਮੁੰਬਈ ਵਿਚ ਪੈਟਰੋਲ 86.54 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 78.22 ਰੁਪਏ ਪ੍ਰਤੀ ਲੀਟਰ, ਨੋਇਡਾ ਵਿਚ ਪੈਟਰੋਲ 80.57 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 72.03 ਰੁਪਏ ਪ੍ਰਤੀ ਲੀਟਰ ਅਤੇ ਚੰਡੀਗੜ੍ਹ ਵਿਚ ਡੀਜ਼ਲ ਦੀ ਕੀਮਤ 71.40 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਦੀ ਕੀਮਤ 76.76 ਰੁਪਏ ਪ੍ਰਤੀ ਲੀਟਰ ਹੈ। ਪਿਛਲੇ 10 ਦਿਨਾਂ ਦੌਰਾਨ ਡੀਜ਼ਲ ਦੀ ਕੀਮਤ 10.48 ਰੁਪਏ ਪ੍ਰਤੀ ਲੀਟਰ ਵੱਧੀ ਹੈ ਅਤੇ ਪੈਟਰੋਲ 8.50 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।
ਦੱਸ ਦਈਏ ਕਿ ਰੋਜ਼ਾਨਾ ਸਵੇਰੇ ਛੇ ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। ਸਵੇਰੇ ਛੇ ਵਜੇ ਤੋਂ ਹੀ ਨਵੀਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਟੈਕਸਾਂ ਨੂੰ ਜੋੜਨ ਨਾਲ ਇਸ ਦਾ ਭਾਅ ਲਗਭਗ ਦੁਗਣਾ ਹੋ ਜਾਂਦਾ ਹੈ।

