ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਸਰਹੱਦ ਉੱਤੇ ਚੱਲ ਰਹੇ ਤਣਾਅ ਵਿਚਾਲੇ ਅੱਜ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ(ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਫੌਜ ਮੁੱਖੀਆਂ ਨਾਲ ਲੱਦਾਖ ਵਿਚ ਹਲਾਤਾਂ ‘ਤੇ ਉੱਚ ਪੱਧਰੀ ਮੀਟਿੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਹਥਿਆਰਬੰਦ ਸੈਨਾ ਨੂੰ ਅਸਲ ਕੰਟਰੋਲ ਰੇਖਾ ਉੱਤੇ ਚੀਨੀ ਸੈਨਾ ਦੇ ਕਿਸੇ ਵੀ ਪ੍ਰਕਾਰ ਦੇ ਹਮਲਾਵਰ ਰਵੱਈਏ ਨਾਲ ਨਜਿੱਠਣ ਦੀ ਪੂਰੀ ਆਜ਼ਾਦੀ ਦੇ ਦਿੱਤੀ ਗਈ ਹੈ।
ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਭਾਰਤੀ ਫੌਜਾਂ ਨੂੰ ਪੂਰਬੀ ਲੱਦਾਖ ਅਤੇ ਹੋਰ ਸੈਕਟਰਾਂ ਵਿਚ ਚੀਨ ਦੀ ਕਿਸੇ ਵੀ ਦੁਰਾਚਾਰ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾ ਤਿਆਰ ਰਹਿਣ ਲਈ ਕਿਹਾ ਗਿਆ ਹੈ। ਭਾਰਤ ਹੁਣ ਚੀਨ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਲਈ ਵੱਖ-ਵੱਖ ਰਣਨੀਤਿਕ ਤਰੀਕਿਆਂ ਨੂੰ ਅਪਣਾਏਗਾ। ਰਿਪੋਰਟਾਂ ਮੁਤਾਬਕ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਜ਼ਮੀਨੀ ਸਰਹੱਦ, ਹਵਾਈ ਖੇਤਰ ਅਤੇ ਰਣਨੀਤਿਕ ਸਮੁੰਦਰੀ ਲੇਨਾਂ ਵਿਚ ਚੀਨ ਦੀਆਂ ਹਰਕਤਾਂ ਤੇ ਨਜ਼ਦੀਕੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਮਿਗ, ਹਰਕਿਊਸ, ਮਿਰਾਜ, ਸੁਖੋਈ ਜਹਾਜ਼ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਤਾਇਨਾਤ ਕੀਤੇ ਗਏ ਹਨ। ਲਿਹਾਜ਼ਾ ਸੈਨਾ, ਜਲਸੈਨਾ ਅਤੇ ਹਵਾਈ ਫੌਜ ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਹੈ।ਜ਼ਿਕਰਯੋਗ ਹੈ ਕਿ 15-16 ਜੂਨ ਦੀ ਰਾਤ ਗਲਵਾਨ ਘਾਟੀ ਵਿਚ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਚੀਨ ਦੇ ਵੀ 40 ਤੋਂ 45 ਜਵਾਨ ਮਾਰੇ ਜਾਣ ਦੀ ਖਬਰ ਆਈ ਸੀ ਅਤੇ ਉਦੋਂ ਤੋਂ ਹੀ ਸਰਹੱਦ ਉੱਤੇ ਤਣਾਅ ਆਪਣੇ ਚਰਮ ਉੱਤੇ ਹੈ।

