ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਸ਼ਾਂਤੀ ਬਹਾਲੀ ਲਈ ਸੁਰੱਖਿਆ ਬਲਾਂ ਦੁਆਰਾ ਹਰ ਰੋਜ਼ ਅੱਤਵਾਦੀਆਂ ਦਾ ਖਾਤਮਾ ਕੀਤਾ ਜਾ ਰਿਹਾ ਹੈ। ਅੱਜ ਐਤਵਾਰ ਨੂੰ ਵੀ ਵੱਖ-ਵੱਖ ਮੁਠਭੇੜਾਂ ਦੌਰਾਨ 4 ਦਹਿਸ਼ਤਗਰਦ ਮਾਰ ਗਿਰਾਏ ਗਏ ਹਨ। ਐਨਕਾਊਂਟਰਾਂ ਨੂੰ ਲੈ ਕੇ ਕਿਸੇ ਤਰ੍ਹਾ ਦੀ ਅਫਵਾਹ ਨਾ ਫੈਲੇ ਇਸ ਲਈ ਇੰਟਰਨੈੱਟ ਨੂੰ ਵੀ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਮੁੱਠਭੇੜਾਂ ਸ਼੍ਰੀਨਗਰ ਅਤੇ ਸ਼ੌਪੀਆ ਜ਼ਿਲ੍ਹੇ ਵਿਚ ਹੋਈਆਂ ਹਨ। ਸ਼੍ਰੀਨਗਰ ਦੇ ਜਾਦਬਿਲ ਇਲਾਕੇ ਵਿਚ ਸੁਰੱਖਿਆ ਬਲਾਂ ਨੂੰ 2 ਤੋਂ 3 ਅੱਤਵਾਦੀ ਛਿਪੇ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਸੀਆਰਪੀਐਫ ਦੀ 115ਵੀਂ ਅਤੇ 28ਵੀਂ ਬਟਾਲੀਅਨ ਦੇ ਨਾਲ ਜੰਮੂ ਕਸ਼ਮੀਰ ਪੁਲਿਸ ਨੇ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ। ਇਸੇ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਕੀਤੀ ਅਤੇ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਤਿੰਨ ਦਹਿਸ਼ਤਗਰਦ ਢੇਰ ਹੋ ਗਏ ਹਨ। ਇਸ ਤੋਂ ਪਹਿਲਾਂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਵੀ ਸੈਨਾ ਨੇ ਲਕੀਰਪੁਰ ਇਲਾਕੇ ਵਿਚ ਇਕ ਅੱਤਵਾਦੀ ਨੂੰ ਮਾਰ ਗਿਰਾਇਆ ਸੀ ਅਤੇ ਮਾਰੇ ਗਏ ਅੱਤਵਾਦੀ ਤੋਂ ਏਕੇ-47 ਰਾਇਫਲ ਸਮੇਤ ਹੋਰ ਅਸਲਾ ਬਰਾਮਦ ਹੋਇਆ ਸੀ। ਇਸ ਤਰ੍ਹਾ ਦੋ ਮੁੱਠਭੇੜਾਂ ਦੌਰਾਨ ਕੁੱਲ ਚਾਰ ਅੱਤਵਾਦੀ ਮਾਰ ਗਿਰਾਏ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਨਕਾਊਂਟਰਾਂ ਤੋਂ ਬਾਅਦ ਕਿਸੇ ਵੀ ਤਰ੍ਹਾ ਦੀ ਅਫਵਾਹ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਇਲਾਕਿਆਂ ਵਿਚ ਅਸਥਾਈ ਤੌਰ ‘ਤੇ ਇੰਟਰਨੈੱਟ ਵੀ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਤਲਾਸ਼ੀ ਅਭਿਆਨ ਵੀ ਜਾਰੀ ਹੈ। ਦੱਸ ਦਈਏ ਕਿ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਦਾ ਪੂਰੀ ਤਰ੍ਹਾ ਸਫਾਇਆ ਕਰਨ ਲਈ ਸੁਰੱਖਿਆ ਬਲ ਦਿਨ-ਰਾਤ ਆਪ੍ਰੇਸ਼ਨ ਚਲਾ ਰਹੇ ਹਨ ਤਾਂ ਜੋ ਘਾਟੀ ਵਿਚ ਸ਼ਾਂਤੀ ਲਿਆਈ ਜਾ ਸਕੇ।

