ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪ੍ਰਧਾਨ ਮੰਤਰੀ ਦਫ਼ਤਰ ਨੇ ਬੀਤੇ ਸ਼ੁੱਕਰਵਾਰ ਨੂੰ ਚੀਨ ਨਾਲ ਸੀਮਾ ਵਿਵਾਦ ਨੂੰ ਲੈ ਕੇ ਕੀਤੀ ਸਰਬ ਪਾਰਟੀ ਉੱਤੇ ਅੱਜ ਸ਼ਨੀਵਾਰ ਨੂੰ ਆਪਣਾ ਅਧਿਕਾਰਕ ਬਿਆਨ ਜਾਰੀ ਕਰ ਦਿੱਤਾ ਹੈ। ਬਿਆਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਨ੍ਹਾਂ ਟਿੱਪਣੀਆਂ ਉੱਤੇ ਸਪੱਸ਼ਟੀਕਰਨ ਵੀ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕੋਈ ਵੀ ਭਾਰਤੀ ਖੇਤਰ ਵਿਚ ਦਾਖਲ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੇ ਭਾਰਤੀ ਚੌਕੀ ਉੱਤੇ ਕਬਜ਼ਾ ਕੀਤਾ ਹੈ।

ਪ੍ਰਧਾਨ ਮੰਤਰੀ ਦਫਤਰ (ਪੀਐਮਓ) ਦੁਆਰਾ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨੀ ਸੈਨਾ ਗਲਵਾਨ ਘਾਟੀ ਵਿਚ ਸਥਾਈ ਤੌਰ ‘ਤੇ ਢਾਂਚਾ ਬਣਾ ਰਹੀ ਸੀ, ਜਦੋਂ ਭਾਰਤੀ ਸੈਨਿਕਾਂ ਨੇ ਚੀਨੀ ਫੌਜ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਖੂਨੀ ਝੜਪ ਹੋ ਗਈ। ਪ੍ਰਧਾਨ ਮੰਤਰੀ ਮੋਦੀ ਦੀ ਅਸਲ ਕੰਟਰੋਲ ਰੇਖਾ ਉੱਤੇ ਭਾਰਤੀ ਸੀਮਾ ਵਿਚ ਚੀਨੀ ਸੈਨਿਕਾਂ ਦੀ ਕੋਈ ਮੌਜੂਦਗੀ ਨਾ ਹੋਣ ਵਾਲੀਆਂ ਟਿੱਪਣੀਆਂ ਸੁਰੱਖਿਆ ਬਲਾਂ ਦੀ ਵੀਰਤਾਂ ਤੋਂ ਬਾਅਦ ਦੇ ਹਲਾਤਾਂ ਨਾਲ ਜੁੜੀਆਂ ਹਨ। ਪੀਐਮਓ ਨੇ ਕਿਹਾ ਹੈ ਕਿ ਸਰਬਦਲੀ ਮੀਟਿੰਗ ਵਿਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸਰਕਾਰ ਅਸਲ ਕੰਟਰੋਲ ਰੇਖਾ ਵਿਚ ਕੋਈ ਇਕਤਰਫਾ ਬਦਲਾਅ ਨਹੀਂ ਹੋਣ ਦੇਵੇਗੀ। ਪੀਐਮ ਮੋਦੀ ਦਾ ਸਪੱਸ਼ਟ ਰੁਖ ਹੈ ਕਿ ਐਲਏਸੀ ਨੂੰ ਪਾਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਮਜਬੂਤੀ ਨਾਲ ਜਵਾਬ ਦਿੱਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ”ਇਹ ਮਦਭਾਗਾ ਹੈ ਕਿ ਅਜਿਹੇ ਸਮੇਂ ਵਿਚ ਪੀਐਮ ਮੋਦੀ ਦੀ ਟਿੱਪਣੀਆਂ ਉੱਤੇ ਬੇਲੋੜ ਵਿਵਾਦ ਖੜਾ ਕੀਤਾ ਜਾ ਰਿਹਾ ਹੈ ਜਦੋਂ ਸਾਡੇ ਵੀਰ ਸੈਨਿਕ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ”। ਦੱਸ ਦਈਏ ਕਿ ਪੀਐਮ ਮੋਦੀ ਦੇ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਇਹ ਆਰੋਪ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਖੇਤਰ ਚੀਨ ਨੂੰ ਸੌਪ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਰਕਾਰ ਉੱਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ”ਜੇਕਰ ਭੂਮੀ ਚੀਨ ਦੀ ਸੀ ਤਾਂ ਸਾਡੇ ਸੈਨਿਕ ਕਿਉਂ ਸ਼ਹੀਦ ਹੋਏ? ਉਹ ਕਿੱਥੇ ਸ਼ਹੀਦ ਹੋਏ?”
ਕੀ ਕਿਹਾ ਸੀ ਪੀਐਮ ਮੋਦੀ ਨੇ
ਦਰਅਸਲ ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ ਦੌਰਾਨ ਕਿਹਾ ਸੀ ਕਿ ਨਾ ਕੋਈ ਸਾਡੇ ਖੇਤਰ ਵਿਚ ਦਾਖਲ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਸਾਡੀ ਚੌਕੀ ਉੱਤੇ ਕਬਜ਼ਾ ਕੀਤਾ ਹੈ।
