ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰ ਆਮ ਤੋਂ ਖਾਸ ਵਿਅਕਤੀ ਨੂੰ ਕੋਰੋਨਾ ਆਪਣੀ ਚਪੇਟ ਵਿਚ ਲੈ ਰਿਹਾ ਹੈ। ਉੱਥੇ ਹੀ ਹੁਣ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਬੀਸੀਸੀਆਈ ਦੇ ਮੌਜੂਦਾ ਚੀਫ ਸੌਰਵ ਗਾਂਗੁਲੀ ਦੇ ਵੱਡੇ ਭਰਾ ਸਨੇਹਸ਼ੀਸ਼ ਗਾਂਗੁਲੀ ਸਮੇਤ ਚਾਰ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਸਨੇਹਸ਼ੀਸ਼ ਗਾਂਗੁਲੀ ਦੀ ਪਤਨੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸਨੇਸ਼ਿਸ਼ ਦੇ ਸੱਸ-ਸਹੁਰਾ ਵੀ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਦਾ ਇਲਾਜ਼ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਘਰੇ ਕੰਮ ਕਰਨ ਵਾਲਾ ਘਰੇਲੂ ਨੌਕਰ ਵੀ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਸਾਰੇ ਸੌਰਵ ਗਾਂਗੁਲੀ ਦੇ ਘਰ ਨਹੀਂ ਬਲਕਿ ਕਿਸੇ ਹੋਰ ਵੱਖਰੇ ਮਕਾਨ ਵਿਚ ਰਹਿ ਰਹੇ ਸਨ। ਸਨੇਹਸ਼ੀਸ਼ ਗਾਂਗੁਲੀ ਜੋ ਕਿ ਰਣਜੀ ਖਿਡਾਰੀ ਵੀ ਰਹਿ ਚੁੱਕੇ ਹਨ ਅਤੇ ਹੁਣ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਸਕੱਤਰ ਵੀ ਹਨ ਉਨ੍ਹਾਂ ਨੂੰ ਘਰ ਵਿਚ ਹੀ ਹੋਮ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਨ੍ਹਾਂ ਦੇ ਇਲਾਜ਼ ਨੂੰ ਲੈ ਕੇ ਅੱਗੇ ਦੀ ਕਾਰਵਾਈ ਦੁਬਾਰਾ ਰਿਪੋਰਟ ਆਉਣ ਉੱਤੇ ਕੀਤੀ ਜਾਵੇਗੀ। ਨਾਲ ਹੀ ਟੈਸਟ ਰਿਪੋਰਟ ਦੇ ਅਧਾਰ ਉੱਤੇ ਹਸਪਤਾਲ ਤੋਂ ਛੁੱਟੀ ਮਿਲਣ ਨੂੰ ਲੈ ਕੇ ਫੈਸਲਾ ਹੋਵੇਗਾ।
ਰਿਪੋਰਟਾਂ ਅਨੁਸਾਰ ਕੋਰੋਨਾ ਸੰਕਟ ਦੇ ਚੱਲਦਿਆਂ ਸੌਰਵ ਗਾਂਗੁਲੀ ਵੀ ਮਾਰਚ ਦੇ ਦੂਜੇ ਹਫ਼ਤੇ ਵਿਚ ਕੱਲਕਤਾ ਵਿਖੇ ਆਪਣੇ ਘਰ ਆ ਗਏ ਸਨ। ਲਾਕਡਾਊਨ ਦੌਰਾਨ ਸੌਰਵ ਗਾਂਗੁਲੀ ਨੇ ਘਰ ਵਿਚ ਬੀਸੀਸੀਆਈ ਚੀਫ ਦੇ ਤੌਰ ਉੱਤੇ ਆਪਣਾ ਕੰਮ ਕੀਤਾ ਹੈ। ਹਾਲਾਂਕਿ ਕ੍ਰਿਕਟ ਅਤੇ ਇਸ ਨਾਲ ਜੁੜੀ ਸਾਰੀਆਂ ਗਤੀਵਿਧੀਆਂ ਉੱਤੇ ਅਜੇ ਬ੍ਰੇਕ ਲੱਗੀ ਹੋਈ ਹੈ। ਇੰਨਾ ਹੀ ਨਹੀਂ ਆਈਪੀਐਲ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

