ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖਾਤਮੇ ਲਈ ਆਪ੍ਰੇਸ਼ਨ ਤੇਜ਼ ਕੀਤਾ ਹੋਇਆ ਹੈ। ਅੱਜ ਬੁੱਧਵਾਰ ਨੂੰ ਵੀ ਸੈਨਾ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਦਰਅਸਲ ਸੈਨਾ ਨੇ ਸ਼ੋਪੀਆ ਜਿਲ੍ਹੇ ਵਿਚ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਹਾਲਾਂਕਿ ਤਾਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ।

ਜਾਣਕਾਰੀ ਮੁਤਾਬਕ ਸੈਨਾ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆ ਜਿਲ੍ਹੇ ਦੇ ਸੁਗੂ ਇਲਾਕੇ ਵਿਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਜੰਮੂ ਕਸ਼ਮੀਰ ਪੁਲਿਸ, 44 ਰਾਸ਼ਟਰੀ ਰਾਇਫਲ ਅਤੇ ਸੀਆਰਪੀਐਫ ਨੇ ਸੰਯੁਕਤ ਆਪ੍ਰੇਸ਼ਨ ਚਲਾ ਕੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਫਿਰ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸੇ ਦੌਰਾਨ ਅੱਤਵਾਦੀਆਂ ਨੂੰ ਚਾਰੇ ਪਾਸਿਓ ਘਿਰਦਾ ਵੇਖ ਸੁਰੱਖਿਆ ਬਲਾਂ ਦੀ ਟੀਮ ਉੱਤੇ ਗੋਲਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸੈਨਾ ਨੇ ਵੀ ਜਵਾਬੀ ਕਰਵਾਈ ਨੂੰ ਅੰਜ਼ਾਮ ਦਿੱਤਾ ਅਤੇ ਇਸ ਪੂਰੀ ਮੁਠਭੇੜ ਵਿਚ ਤਿੰਨ ਦਹਿਸ਼ਤਗਰਦ ਮਾਰੇ ਗਏ ਹਨ। ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਹੋਰ ਵੀ ਦਹਿਸ਼ਤਗਰਦ ਛਿਪੇ ਹੋ ਸਕਦੇ ਹਨ।
ਇਸ ਹਫ਼ਤੇ ਵਿਚ ਸ਼ੋਪੀਆ ਜਿਲ੍ਹੇ ‘ਚ ਇਹ ਤੀਜੀ ਮੁੱਠਭੇੜ ਹੈ। ਪਿਛਲੇ 2 ਐਨਕਾਊਂਟਰਾਂ ਦੌਰਾਨ 9 ਅੱਤਵਾਦੀ ਮਾਰੇ ਗਏ ਹਨ। ਦਰਅਸਲ ਬੀਤੇ ਐਤਵਾਰ ਨੂੰ ਸੁਰੱਖਿਆ ਬਲਾਂ ਨੇ ਪੰਜ ਅੱਤਵਾਦੀਆਂ ਦਾ ਖਾਤਮਾ ਕੀਤਾ ਸੀ ਅਤੇ ਉਸ ਤੋਂ ਅਗਲੇ ਦਿਨ ਸੋਮਵਾਰ ਨੂੰ ਸੁਰੱਖਿਆ ਬਲਾਂ ਦੁਆਰਾ ਚਲਾਏ ਆਪ੍ਰੇਸ਼ਨ ਵਿਚ 4 ਦਹਿਸ਼ਤਗਰਦ ਢੇਰ ਹੋ ਗਏ ਸਨ।
