ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸਾਧਵੀਆਂ ਨਾਲ ਰੇਪ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਹੈ। ਰਾਮ ਰਹੀਮ ਨੇ ਚਿੱਠੀ ਵਿਚ ਆਪਣੀ ਮਾਂ ਨੂੰ ਲਿਖਿਆ ਕਿ ਜੇ ਰੱਬ ਨੇ ਚਾਹਿਆ ਤਾਂ ਉਹ ਜਲਦੀ ਹੀ ਜੇਲ੍ਹ ਵਿਚੋਂ ਵਾਪਸ ਆਵੇਗਾ ਤੇ ਉਸ ਦਾ ਇਲਾਜ ਕਰਵਾਵੇਗਾ। ਇਸ ਦੇ ਨਾਲ ਹੀ ਉਸ ਨੇ ਡੇਰਾ ਪ੍ਰੇਮੀਆਂ ਨੂੰ ਵੀ ਕੋਰੋਨਾ ਮਹਾਮਾਰੀ ਦੇ ਚੱਲਦੇ ਸਾਵਧਾਨੀਆਂ ਵਰਤਣ ਲਈ ਕਿਹਾ ਹੈ।
ਰੇਪ ਅਤੇ ਹੱਤਿਆ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ ਆਪਣੀ ਮਾਂ ਨੂੰ ਚਿੱਠੀ ਵਿਚ ਲਿਖਿਆ ਕਿ ”ਮੈ ਸਤਿਗੁਰੂ ਦੀ ਕ੍ਰਿਪਾ ਨਾਲ ਇੱਥੇ ਠੀਕ ਹਾਂ ਤੇ ਤੁਹਾਡੀ ਤੰਦਰੁਸਤੀ ਲਈ ਸਵੇਰੇ-ਸ਼ਾਮ ਪ੍ਰਾਥਨਾ ਕਰਦਾ ਹਾਂ। ਤੁਸੀ ਆਪਣੀ ਦਵਾਈ ਤੇ ਚੈਕਅੱਪ ਸਮੇ-ਸਮੇ ‘ਤੇ ਜਰੂਰ ਕਰਵਾਉਂਦੇ ਰਹੋ। ਸਤਿਗੁਰੂ ਨੇ ਚਾਹਿਆ ਤਾਂ ਮੇ ਜਲਦੀ ਆ ਕੇ ਤੁਹਾਡਾ ਪੂਰੀ ਇਲਾਜ ਕਰਵਾਂਵਾਗਾ”। ਰਾਮ ਰਹੀਮ ਨੇ ਅੱਗੇ ਡੇਰਾ ਪ੍ਰੇਮੀਆਂ ਨੂੰ ਕੋਰੋਨਾ ਮਹਮਾਰੀ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਤੇ ਸਰਕਾਰ ਨੂੰ ਆਪਣਾ ਸਹਿਯੋਗ ਦੇਣ ਦੇ ਨਾਲ-ਨਾਲ ਲੋੜਵੰਦਾ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ। ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਜੇਲ੍ਹ ‘ਚੋਂ ਪੈਰੋਲ ਉੱਤੇ ਬਾਹਰ ਆਉਣ ਲਈ ਕਈ ਵਾਰ ਅਰਜੀਆਂ ਦੇ ਚੁੱਕਿਆ ਹੈ ਪਰ ਉਸ ਦੀ ਕੋਈ ਅਰਜ਼ੀ ਮੰਜ਼ੂਰ ਨਹੀਂ ਹੋਈ ਹੈ। ਯਾਦ ਰਹੇ ਕਿ ਗੁਰਮੀਤ ਰਾਮ ਰਹੀਮ ਨੂੰੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਅਧੀਨ 10-10 ਸਾਲ ਦੀ ਸਜ਼ਾ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿਚ ਉੱਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਉਹ 25 ਅਗਸਤ 2017 ਤੋਂ ਹੀ ਜੇਲ੍ਹ ਵਿਚ ਬੰਦ ਹੈ।

