ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦਾ ਕਹਿਰ ਦੁਨੀਆ ਭਰ ਦੇ ਦੇਸ਼ ਝੱਲ ਰਹੇ ਹਨ। ਉੱਥੇ ਹੀ ਚੀਨ ਦਾ ਗੁਆਂਢੀ ਮੁਲਕ ਅਤੇ ਸਦਾਬਾਹਰ ਦੋਸਤ ਪਾਕਿਸਤਾਨ ਵੀ ਇਸ ਮਹਾਮਾਰੀ ਤੋਂ ਬੱਚ ਨਹੀਂ ਸਕਿਆ ਹੈ। ਪਾਕਿਸਤਾਨ ਵਿਚ ਕੋਰੋਨਾ ਆਪਣਾ ਅਸਲੀ ਰੂਪ ਵਿਖਾ ਰਿਹਾ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 34 ਹਜ਼ਾਰ ਤੋਂ ਵੱਧ ਹੋ ਗਈ ਹੈ ਜਦਕਿ 700 ਤੋਂ ਜ਼ਿਆਦਾ ਕੋਰੋਨਾ ਪੀੜਤਾਂ ਦੀ ਜਾਨ ਜਾ ਚੁੱਕੀ ਹੈ।
ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪਾਕਿਸਤਾਨ ਵਿਚ 2255 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ 31 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 34,336 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 737 ਤੱਕ ਪਹੁੰਚ ਗਿਆ ਹੈ। ਪਾਕਿਸਤਾਨ ਵਿਚ ਹੁਣ ਤੱਕ 8812 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇੱਥੇ ਕੁੱਲ 317,669 ਸੈਂਪਲਾ ਦੀ ਜਾਂਚ ਕੀਤੀ ਗਈ ਹੈ। ਪਾਕਿਸਤਾਨ ਦਾ ਪੰਜਾਬ ਸੂਬਾ ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ 13,225 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵ ਸਿੰਧ ਵਿਚ 12,610, ਖੈਬਰ ਪਖਤੂਵਨਾ ਵਿਚ 5,021, ਬਲੂਚਿਸਤਾਨ ਵਿਚ 2,158, ਇਸਲਾਮਾਬਾਦ ਵਿਚ 759, ਗਿਲਗਿਤ-ਬਾਲਟਿਸਤਾਨ ਵਿਚ 475 ਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚੋਂ 88 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਪਿਛਲੇ ਹਫ਼ਤੇ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਅਰਥਵਿਵਸਥਾ ਅਤੇ ਮਜ਼ਦੂਰਾਂ ਉੱਤੇ ਪੈ ਰਹੇ ਪ੍ਰਭਾਵ ਕਰਕੇ ਕੋਰੋਨਾ ਕਾਰਨ ਕੀਤੇ ਲਾਕਡਾਊਨ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣਾ ਸ਼ੁਰੂ ਕੀਤਾ ਜਾਵੇਗਾ ਪਰ ਕੋਰੋਨਾ ਦੇ ਮਾਮਲੇ ਵੱਧਦੇ ਵੇਖੇ ਅਧਿਕਾਰੀਆਂ ਨੇ ਲੋਕਾਂ ਨੂੰ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਘਰੋ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।ਪਾਕਿਸਤਾਨ ਵਿਚ ਹੁਣ ਤੱਕ 7,756 ਪਾਕਿਸਤਾਨੀ ਨਾਗਰਿਕ ਵਿਦੇਸ਼ਾਂ ਤੋਂ ਪਰਤੇ ਹਨ ਜਿਨ੍ਹਾਂ ਵਿਚੋਂ 682 ਕੋਰੋਨਾ ਪੀੜਤ ਪਾਏ ਗਏ ਹਨ।

